ਸਮੁੰਦੜਾ, 26 ਜੂਨ (ਤੀਰਥ ਸਿੰਘ ਰੱਕੜ)-ਪਿੰਡ ਚੱਕ ਸਿੰਘਾ-ਚੱਕ ਹਾਜੀਪੁਰ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ, ਨੌਵੀਂ ਵਿਖੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 30 ਜੂਨ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਚੱਕ ਸਿੰਘਾਂ ਨੇ ਦੱਸਿਆ ਕਿ ਇਸ ਮੌਕੇ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਢਾਡੀ ਜਤਿੰਦਰਪਾਲ ਸਿੰਘ ਜੋਧ, ਤਰਨਾ ਦਲ, ਭਾਈ ਕਰਨ ਸਿੰਘ ਕੀਰਤਨੀ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਇਤਿਹਾਸ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਅਤੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ। ਦੀਵਾਨ ਦੀ ਸਮਾਪਤੀ ਤੋਂ ਬਾਅਦ ਕਬੱਡੀ ਮੈਚ ਤੇ ਨਿਹੰਗ ਸਿੰਘ ਫੌਜਾਂ ਵੱਲੋਂ ਘੋੜ ਸਵਾਰੀ, ਨੇਜੇਬਾਜੀ ਅਤੇ ਗੱਤਕੇਬਾਜੀ ਦੇ ਜੌਹਰ ਵਿਖਾਏ ਜਾਣਗੇ।