ਸਮੁੰਦੜਾ, 1 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਚੱਕ ਸਿੰਘਾ-ਚੱਕ ਹਾਜੀਪੁਰ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ, ਨੌਵੀਂ ਵਿਖੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਬਾਬਾ ਨਾਗਰ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਵੱਡੀ ਗਿਣਤੀ ਵਿੱਚ ਘੋੜਿਆਂ ਦੇ ਦਲ ਅਤੇ ਨਿਹੰਗ ਸਿੰਘ ਫੌਜਾਂ ਨਾਲ ਸ਼ਿਰਕਤ ਕੀਤੀ। ਇਸ ਮੌਕੇ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਦੀਵਾਨ ਸਜਾਏ ਗਏ ਜਿਨਾਂ ਵਿੱਚ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਕਰਨਪ੍ਰੀਤ ਸਿੰਘ, ਮਨੀ ਸਿੰਘ ਬਾਬਾ ਬਕਾਲਾ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਉਹਨਾਂ ਤੋਂ ਉਪਰੰਤ ਭਾਈ ਸੁਖਵੰਤ ਸਿੰਘ ਵੱਲੋਂ ਗੁਰਮਤਿ ਵਿਚਾਰਾਂ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਇਤਿਹਾਸਿਕ ਤੱਥਾਂ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਭਾਈ ਅਮਨਵੀਰ ਸਿੰਘ ਹਜ਼ੂਰੀ ਕਵੀਸ਼ਰੀ ਜਥਾ ਜਥੇਬੰਦੀ ਤਰਨਾ ਦਲ ਹਰੀਆਂ ਵੇਲਾਂ ਅਤੇ ਭਾਈ ਜਤਿੰਦਰਪਾਲ ਸਿੰਘ ਜੋਧ ਤਰਨਾ ਦਲ ਵਾਲਿਆਂ ਦੇ ਢਾਡੀ ਜਥੇ ਨੇ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਬਾਅਦ ਦੁਪਹਿਰ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਨਿਹੰਗ ਸਿੰਘ ਫੌਜਾਂ ਵੱਲੋਂ ਮੁਹੱਲਾ ਸਜਾਇਆ ਗਿਆ। ਉਪਰੰਤ ਕੈਨੇਡਾ ਨਿਵਾਸੀ ਮਹਿੰਦਰ ਸਿੰਘ ਸਾਬਕਾ ਸਰਪੰਚ ਅਤੇ ਮਨਜੀਤ ਸਿੰਘ ਚੱਕ ਸਿੰਘਾ ਦੇ ਪਰਿਵਾਰ ਵੱਲੋਂ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਸਮਾਗਮਾਂ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘਾ ਚੱਕ ਸਿੰਘ ਵਾਲਿਆਂ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਜਗੀਰ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ, ਮਾਤਾ ਸੁਰਿੰਦਰ ਕੌਰ ਚੱਕ ਸਿੰਘਾ, ਭਾਈ ਰਜਿੰਦਰ ਸਿੰਘ, ਬਾਬਾ ਕਸ਼ਮੀਰਾ ਸਿੰਘ ਹਰਗੋਬਿੰਦਪੁਰਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਜਥੇਦਾਰ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਜੁਝਾਰ ਸਿੰਘ ਚੱਕ ਸਿੰਘਾ, ਹਰਪ੍ਰੀਤ ਸਿੰਘ ਰਿੰਕੂ ਬੇਦੀ ਸੀਨੀਅਰ ਅਕਾਲੀ ਆਗੂ, ਮਾ. ਭਗਤ ਸਿੰਘ ਥਾਂਦੀ, ਨਿਸ਼ਾਨ ਸਿੰਘ ਭੰਬਰਾ ਮੈਂਬਰ ਬਲਾਕ ਸੰਮਤੀ, ਨਰਿੰਦਰ ਸਿੰਘ ਹੀਰ ਚੱਕ ਸਿੰਘਾ, ਗਿਆਨ ਸਿੰਘ ਸਮੁੰਦੜਾ, ਸ਼ਮਸ਼ੇਰ ਸਿੰਘ ਚੱਕ ਸਿੰਘਾ, ਦਿਲਬਾਗ ਸਿੰਘ ਚੱਕ ਹਾਜੀਪੁਰ, ਪ੍ਰਭਜੋਤ ਸਿੰਘ ਰੱਕੜਾਂ, ਸਤਨਾਮ ਸਿੰਘ, ਮੱਖਣ ਸਿੰਘ, ਰੇਵਲ ਸਿੰਘ, ਜਗਪਾਲ ਸਿੰਘ ਰੁੜਕੀ ਖਾਸ ਆਦਿ ਵੀ ਹਾਜ਼ਰ ਸਨ।