ਚਿੱਟਾ ਹਾਥੀ ਬਣਿਆ ਮੁੱਖ ਮੰਤਰੀ ਵੱਲੋਂ ਰੱਖਿਆ ਨੀਂਹ ਪੱਥਰ
ਨਵਾਂਸ਼ਹਿਰ, 7 ਜੁਲਾਈ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ’ਚ ਮੈਡੀਕਲ ਕਾਲਜ ਬਣਾਉਣ ਦੇ ਕੀਤੇ ਗਏ ਦਾਅਵਿਆਂ ਦੀ ਉਦੋਂ ਫੂਕ ਨਿਕਲ ਜਾਂਦੀ ਹੈ, ਜਦੋਂ ਸਰਕਾਰ ਵੱਲੋਂ ਰੱਖੇ ਗਏ ਨੀਂਹ ਪੱਥਰ ਚਿੱਟਾ ਹਾਥੀ ਸਾਬਤ ਹੁੰਦੇ ਹਨ। ਨਵਾਂਸ਼ਹਿਰ ਵਿਖੇ ਸਿਵਲ ਹਸਪਤਾਲ ਲਾਗੇ 23 ਮਾਰਚ 2025 ਨੂੰ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ ’ਤੇ ਮੈਡੀਕਲ ਕਾਲਜ ਬਣਾਉਣ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖਿਆ ਗਿਆ। ਇਸ ਨੀਂਹ ਪੱਥਰ ਰੱਖੇ ਨੂੰ ਸਵਾ ਸਾਲ ਤੋਂ ਉੱਪਰ ਸਮਾਂ ਹੋਣ ਤੋਂ ਬਾਅਦ ਵੀ ਇੱਥੇ ਇੱਕ ਵੀ ਇੱਟ ਨਹੀਂ ਲੱਗ ਸਕੀ। ਪਿੰਡ ਬਰਨਾਲਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਮੈਡੀਕਲ ਬਣਾਉਣ ਵਾਸਤੇ 17 ਏਕੜ ਜਮੀਨ ਭੇਟ ਕੀਤੀ ਗਈ ਸੀ। ਜਿਸ ਤਹਿਤ ਇੱਥੇ ਮੈਡੀਕਲ ਕਾਲਜ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ। ਪੰਜਾਬ ਸਰਕਾਰ ਵਲੋਂ 50 ਸੀਟਾਂ ਵਾਲੇ ਮੈਡੀਕਲ ਕਾਲਜ ਦੀ ਇਮਾਰਤ ਬਣਾਉਣ ਲਈ 23 ਮਾਰਚ 2025 ਨੂੰ ਨੀਂਹ ਪੱਥਰ ਰੱਖਿਆ ਗਿਆ। ਭਾਜਪਾ ਆਗੂ ਜਤਿੰਦਰ ਸਿੰਘ ਸੈਣੀ ਨੇ ਇਥੇ ਮੈਡੀਕਲ ਕਾਲਜ ਬਣਾਉਣ ਸਬੰਧੀ ਪੰਜਾਬ ਸਰਕਾਰ ’ਤੇ ਸਵਾਲ ਵੀ ਉਠਾਏ ਅਤੇ ਉਹਨਾਂ ਆਖਿਆ ਕਿ ਇਹ ਨੀਂਹ ਪੱਥਰ ਇਸ ਸਮੇਂ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਦਾ ਨਮੂਨਾ ਬਣ ਕੇ ਰਹਿ ਗਿਆ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 2025 ’ਚ 35 ਹਜ਼ਾਰ ਕਰੋੜ ਅਤੇ 2026 ਤੇ 40 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਪ੍ਰੰਤੂ ਇਹ ਬਜਟ ਦਾ ਹਿੱਸਾ ਕਿੱਥੇ ਖਰਚਿਆ ਗਿਆ। ਇਸ ਬਾਰੇ ਸਰਕਾਰ ਕੋਈ ਵੀ ਜਵਾਬਦੇਹੀ ਨਹੀਂ ਕਰ ਰਹੀ। ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ’ਚ ਕਪੂਰਥਲਾ, ਸੰਗਰੂਰ, ਹੁਸ਼ਿਆਰਪੁਰ, ਲਹਿਰਾਗਾਗਾ, ਮਲੇਰਕੋਟਲਾ, ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ’ਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਅਤੇ ਇਹਨਾਂ ਥਾਵਾਂ ’ਤੇ ਨੀਹ ਪੱਥਰ ਵੀ ਰੱਖੇ ਗਏ। ਸਰਕਾਰ ਨੇ ਆਪਣੇ ਬਜਟ ’ਚ 38 ਨੰਬਰ ਸਫੇ ’ਤੇ ਮੰਨਿਆ ਕਿ ਪੰਜਾਬ ਸਰਕਾਰ ਦੀ ਸ਼ਹੀਦ ਭਗਤ ਸਿੰਘ ਨਗਰ ’ਚ 50 ਸੀਟਾਂ ਦੇ ਮੈਡੀਕਲ ਬਣਾਉਣ ਦੀ ਤਜਵੀਜ ਹੈ। ਜਿਸ ’ਤੇ ਉਹਨਾਂ ਦੱਸਿਆ ਕਿ 1336 ਕਰੋੜ ਦਾ ਬਜਟ ਵੀ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ’ਚ ਮੈਡੀਕਲ ਕਾਲਜ ਬਣਾਉਣ ਦਾ ਨੀਂਹ ਪੱਥਰ ਰੱਖਿਆ ਹੈ ਤਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਜਲਦੀ ਮੈਡੀਕਲ ਕਾਲਜ ਬਣਾਇਆ ਜਾਵੇ ਨਾ ਕਿ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰਾਜਨੀਤੀ ਕੀਤੀ ਜਾਵੇ।
ਸਵਾ ਸਾਲ ਬਾਅਦ ਵੀ ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਦੀ ਨਾ ਹੋ ਸਕੀ ਸ਼ੁਰੂਆਤ
ਅਜੀਤ ਡੈਸਕ
08-07-2026