ਟੱਪਰੀਆਂ ਖੁਰਦ, 7 ਜੁਲਾਈ (ਬੂਥਗੜ੍ਹੀਆ) - ਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਜਲਦ ਤੋਂ ਜਲਦ ਐਲਾਨ ਕਰਨਾ ਚਾਹੀਦਾ ਹੈ ਤਾਂ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਅੰਦਰ ਸੱਤਾ ਵਿੱਚ ਆ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਜਿੱਥੇ ਇੱਕ ਸੂਝਵਾਨ ਤੇ ਇਮਾਨਦਾਰ ਆਗੂ ਹਨ ਉੱਥੇ ਉਨ੍ਹਾਂ ਕੋਲ ਪਹਿਲਾਂ ਵੀ ਸੂਬੇ ਦੀ ਵਾਗਡੋਰ ਸੰਭਾਲਣ ਦਾ ਤਜ਼ਰਬਾ ਹੈ। ਵਿੱਕੀ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਾਂਗਰਸ ਹਾਈਕਮਾਡ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੇ ਵਾਗਡੋਰ ਸੌਂਪਦੀ ਹੈ ਤਾਂ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਉਨ੍ਹਾਂ ਦਾ ਹਰ ਹਲਕੇ ਦੇ ਅੰਦਰ ਸਾਥ ਦੇਵੇਗੀ। ਉਨ੍ਹਾਂ ਕਿਹਾ ਹਲਕਾ ਬਲਾਚੌਰ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵੱਖ- ਵੱਖ ਪਿੰਡਾਂ ਦੇ ਅੰਦਰ ਲੋਕਾਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ 2027 ਚੋਣਾਂ ਦੇ ਅੰਦਰ ਪੰਜਾਬ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਬਣਾਉਣ ਵਿੱਕੀ ਚੌਧਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਸੂਬੇ ਦੇ ਅੰਦਰ ਰਾਜ ਕੀਤਾ ਹੈ ਜਿਸ ਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਲੋਕ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਹੋਈ ਪਾਰਟੀ ਦੇ ਸਮੂਹ ਲੀਡਰਸ਼ਿਪ ਦੀ ਬੈਠਕ ਦੇ ਦੌਰਾਨ ਸ਼ਾਮਲ ਹੋਣ ਦਾ ਮੋਕਾ ਮਿਲਿਆ ਤੇ ਉਨ੍ਹਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਬਲਾਚੌਰ ਦੀ ਸਮੁੱਚੀ ਜਨਤਾ ਉਨ੍ਹਾਂ ਨੂੰ ਆਉਣ ਵਾਲਾ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਦੇਖਣਾ ਚਾਹੁੰਦੀ ਹੈ ਤੇ ਹਾਈਕਮਾਂਡ ਨੂੰ ਜਨਤਾ ਦੇ ਫੈਸਲੇ ਤੇ ਜਲਦ ਤੋਂ ਜਲਦ ਮੋਹਰ ਲਗਾਉਣੀ ਬਹੁਤ ਜ਼ਰੂਰੀ ਹੈ।
ਕਾਂਗਰਸ ਹਾਈਕਮਾਂਡ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਜਲਦ ਮੁੱਖ ਮੰਤਰੀ ਦਾ ਚਿਹਰਾ ਐਲਾਨੇ -ਵਿੱਕੀ ਕਾਠਗੜ੍ਹ
ਅਜੀਤ ਡੈਸਕ
08-07-2026