ਕਾਠਗੜ੍ਹ, 10 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਖੇਡਾਂ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਹਮੇਸ਼ਾ ਤਤਪਰ ਰਹਿਣ ਵਾਲੇ ਪ੍ਰਸਿੱਧ ਸੇਵਾਦਾਰ ਸਾਈਂ ਕਾਲੇ ਸ਼ਾਹ ਡੇਰਾ ਟਿੱਬੀ ਸਾਹਿਬ ਕਾਠਗੜ੍ਹ ਵਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਵੱਡਾ ਉਪਰਾਲਾ ਕੀਤਾ ਗਿਆ। ਸਾਈਂ ਕਾਲੇ ਸ਼ਾਹ, ਜੋ ਕਿ ਇਲਾਕੇ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰਕ ਤੌਰ ’ਤੇ ਫਿੱਟ ਰੱਖਣ ਲਈ ਅਖਾੜਾ ਚਲਾਉਂਦੇ ਹਨ ਤੇ ਉਨ੍ਹਾਂ ਨੂੰ ਕੁਸ਼ਤੀ, ਕਬੱਡੀ ਸਮੇਤ ਵੱਖ-ਵੱਖ ਸਰੀਰਕ ਕਸਰਤਾਂ ਕਰਵਾਉਂਦੇ ਹਨ, ਅੱਜ ਆਪਣੇ ਅਖਾੜੇ ਦੇ ਬੱਚਿਆਂ ਨੂੰ ਨਾਲ ਲੈ ਕੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਦੇ ਗਰਾਊਂਡ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਵਰ੍ਹਦੇ ਮੀਂਹ ਦੇ ਬਾਵਜੂਦ ਬੱਚਿਆਂ ਨਾਲ ਮਿਲ ਕੇ ਕਾਰ ਸੇਵਾ ਸ਼ੁਰੂ ਕੀਤੀ ਤੇ ਮਸ਼ੀਨਾਂ ਤੇ ਕਹੀਆਂ ਦੀ ਮਦਦ ਨਾਲ ਗਰਾਊਂਡ ਵਿੱਚ ਉੱਗਿਆ ਫਾਲਤੂ ਘਾਹ ਵੱਢਿਆ ਤੇ ਮੈਦਾਨ ਵਿੱਚ ਜਮ੍ਹਾਂ ਹੋਈ ਮਿੱਟੀ ਨੂੰ ਸਾਈਡ ’ਤੇ ਕਰਕੇ ਪੂਰੇ ਗਰਾਊਂਡ ਦੀ ਕਾਇਆ-ਕਲਪ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਖੇਡ ਮੈਦਾਨ ਵਿੱਚ ਹਰ ਰੋਜ਼ ਸਥਾਨਕ ਲੋਕ ਅਤੇ ਬਜ਼ੁਰਗ ਸਵੇਰੇ-ਸ਼ਾਮ ਸੈਰ ਕਰਨ ਲਈ ਆਉਂਦੇ ਹਨ ਪਰ ਗਰਾਊਂਡ ਵਿੱਚ ਖੜ੍ਹੇ ਲੰਮੇ ਘਾਹ ਅਤੇ ਗੰਦਗੀ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਈਂ ਕਾਲੇ ਸ਼ਾਹ ਨੇ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੇ ਮੀਂਹ ਦੇ ਅੰਦਰ ਵੀ ਇਸ ਸੇਵਾ ਨੂੰ ਨੇਪਰੇ ਚਾੜ੍ਹਿਆ ਤਾਂ ਜੋ ਖਿਡਾਰੀਆਂ ਤੇ ਸੈਰ ਕਰਨ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਗਰਾਊਂਡ ਵਿੱਚ ਆ ਕੇ ਸ਼ਰਾਬ ਪੀਣ ਵਾਲੇ ਤੇ ਖਾਲੀ ਬੋਤਲਾਂ ਉੱਥੇ ਹੀ ਸੁੱਟ ਕੇ ਗੰਦਗੀ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ। ਇਸ ਮੌਕੇ ਗਰਾਊਂਡ ਦੀ ਸਫ਼ਾਈ ਹੁੰਦੀ ਦੇਖ ਕੇ ਸਥਾਨਕ ਨਿਵਾਸੀਆਂ ਅਤੇ ਸੈਰ ਕਰਨ ਆਉਣ ਵਾਲੇ ਲੋਕਾਂ ਨੇ ਸਾਈਂ ਕਾਲੇ ਸ਼ਾਹ ਅਤੇ ਉਨ੍ਹਾਂ ਦੀ ਨੌਜਵਾਨ ਟੀਮ ਦੇ ਇਸ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ।