ਬੰਗਾ, 25 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਗਏ ਐੱਮ.ਏ. ਅੰਗਰੇਜ਼ੀ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਵਿਦਿਆਰਥਣ ਪਰਵਿੰਦਰ ਕੌਰ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਨਵ-ਨਿਯੁਕਤ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਪਰਵਿੰਦਰ ਕੌਰ ਸਪੁੱਤਰੀ ਸ. ਕਰਨੈਲ ਸਿੰਘ ਮਾਤਾ ਕੁਲਵਿੰਦਰ ਕੌਰ ਨੇ 10 ਵਿੱਚੋਂ 7.35 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਸੰਸਥਾ ਦੇ ਮਾਣ ਵਿੱਚ ਵੀ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਵਿਦਿਆਰਥਣ ਪਰਵਿੰਦਰ ਕੌਰ ਦੀ ਇਹ ਸ਼ਾਨਦਾਰ ਸਫਲਤਾ ਹੋਰਨਾਂ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ। ਉਹਨਾਂ ਇਹ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਪਰਵਿੰਦਰ ਕੌਰ ਨਵੀਆਂ ਬੁਲੰਦੀਆਂ ਹਾਸਿਲ ਕਰੇਗੀ। ਵਿਭਾਗ ਮੁਖੀ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪਰਵਿੰਦਰ ਕੌਰ ਨੇ ਹਮੇਸ਼ਾ ਆਪਣੀ ਅਕਾਦਮਿਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਨੇ ਹੁਣ ਤੱਕ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ 30 ਤੋਂ ਵੱਧ ਸਥਾਨ ਹਾਸਲ ਕੀਤੇ ਹਨ। ਜੋ ਵਿਭਾਗ ਦੀ ਅਮੀਰ ਅਕਾਦਮਿਕ ਪਰੰਪਰਾ, ਸਮਰਪਿਤ ਅਧਿਆਪਕ ਅਤੇ ਮਿਆਰੀ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਸਪੱਸ਼ਟ ਪ੍ਰਮਾਣ ਹਨ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਇੰਦੂ ਰੱਤੀ ਵੱਲੋਂ ਪਰਵਿੰਦਰ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਸਮੂਹ ਅਧਿਆਪਕ, ਪ੍ਰੋ. ਕਿਸ਼ੋਰ ਕੁਮਾਰ, ਪ੍ਰੋ. ਪ੍ਰੀਤ ਕੰਵਲ, ਪ੍ਰੋ. ਓਂਕਾਰ ਸਿੰਘ ਸਿੱਧੂ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਸਨੀ ਅਮਰਿੰਦਰ ਸਿੰਘ ਵੀ ਹਾਜ਼ਰ ਸਨ।
ਸਿੱਖ ਨੈਸ਼ਨਲ ਕਾਲਜ ਬੰਗਾ ਦੀ ਐੱਮ. ਏ. ਅੰਗਰੇਜ਼ੀ ਦੀ ਵਿਦਿਆਰਥਣ ਯੂਨੀਵਰਸਿਟੀ ਪ੍ਰੀਖਿਆ ’ਚੋਂ ਦੂਜੇ ਸਥਾਨ ’ਤੇ ਰਹੀ
ਅਜੀਤ ਡੈਸਕ
26-07-2026