ਨਵਾਂਸ਼ਹਿਰ, 27 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਐਸ.ਕੇ. ਪੁਰੀ ਦੀ ਪ੍ਰਧਾਨਗੀ ਹੇਠ ਸ਼ੂਗਰ ਮਿੱਲ੍ਹ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ, ਪਰਮਜੀਤ, ਆਸ ਵੈਲਫੇਅਰ ਸੁਸਾਇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਬੇਗਮਪੁਰ ਵਿਖੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਚੇਅਰਮੈਨ ਵਰਮਾ ਨੇ ਕਿਹਾ ਕਿ ਵਿਕਾਸ ਦੇ ਨਾਂਅ ’ਤੇ ਦਰਖਤਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਕਾਰਨ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੰਗ ਹੈ। ਪ੍ਰਧਾਨ ਪੁਰੀ ਨੇ ਕਿਹਾ ਕਿ ਰੁੱਖ ਲਗਾ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੂਸ਼ਿਤ ਹੋ ਰਹੇ ਵਾਤਾਵਰਣ ਕਾਰਨ ਵਧ ਰਹੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਸਕਦੇ ਹਾਂ। ਜੀ.ਐਮ. ਤੂਰ ਨੇ ਕਿਹਾ ਕਿ ਸਾਨੂੰ ਸਭ ਨੂੰ ਇਕ-ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਨੇ ਕਿਹਾ ਕਿ ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਅਹਿਮੀਅਤ ਹੈ। ਇਸ ਲਈ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਰਾਮਧੰਨ ਚੌਧਰੀ, ਸਲਾਹਕਾਰ ਪ੍ਰੋ. ਐਸ ਕੇ ਬਰੂਟਾ, ਵਾਈਸ ਪ੍ਰਧਾਨ ਲਲਿਤ ਓਹਰੀ, ਜਨਰਲ ਸਕੱਤਰ ਸੁਖਦੇਵ ਸ਼ਰਮਾ, ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਛੋਟੂ ਰਾਮ, ਸਕੱਤਰ ਮਾਸਟਰ ਹੁਸਨ ਲਾਲ ਬਾਲੀ, ਵਿੱਤ ਸਕੱਤਰ ਅਸ਼ੋਕ ਸ਼ਰਮਾ, ਪ੍ਰੈੱਸ ਸਕੱਤਰ ਪ੍ਰਸ਼ੋਤਮ ਬੈਂਸ, ਸੁਭਾਸ਼ ਅਰੋੜਾ, ਇੰਜ. ਜੋਗਾ ਸਿੰਘ, ਵਾਤਾਵਰਣ ਪ੍ਰੇਮੀ ਜਸਵੰਤ ਸਿੰਘ ਭੱਟੀ, ਡਾ. ਅਵਤਾਰ ਸਿੰਘ, ਮਨੋਹਰ ਲਾਲ, ਸਤਪਾਲ ਉਮਟ, ਰਾਕੇਸ਼ ਜਿਓਤੀ, ਡਾ. ਗੁਰਮੀਤ ਸਿੰਘ, ਕਮਲ ਦੇਵ, ਸੁਖਦੇਵ ਤੇਜਪਾਲ, ਸਰਪੰਚ ਕੁਲਵਿੰਦਰ ਕੁਮਾਰ, ਸਾਬਕਾ ਸਰਪੰਚ ਅਮਰੀਕ ਸਿੰਘ, ਨੰਬਰਦਾਰ ਪਰਗਣ ਸਿੰਘ, ਪਰਮਜੀਤ ਤੇ ਉਨ੍ਹਾਂ ਦੀ ਬੇਟੀ ਨਿਹਾਰਿਕਾ ਆਦਿ ਹਾਜ਼ਰ ਸਨ।
ਸੀਨੀਅਰ ਸਿਟੀਜਨਜ਼ ਨੇ ਬੂਟੇ ਲਗਾ ਕੇ ਮਨਾਇਆ ਵਣ-ਮਹਾਂਉਤਸਵ
ਅਜੀਤ ਡੈਸਕ
28-07-2026