ਅਮਲੋਹ, 19 ਜੂਨ (ਕੇਵਲ ਸਿੰਘ)-ਅਨਾਜ ਮੰਡੀ ਅਮਲੋਹ ਸਥਿਤ ਸਰਪੰਚ ਟ੍ਰੇਡਿੰਗ ਕੰਪਨੀ ਦੇ ਆੜ੍ਹਤੀਏ ਇਕਬਾਲ ਸਿੰਘ ਰਾਏ ਵਾਸੀ ਅੰਨੀਆਂ ਨੇ ਕਿਸਾਨਾਂ ਪ੍ਰਤੀ ਦਰਿਆਦਿਲੀ ਦਿਖਾਉਂਦਿਆਂ ਇਕ ਨਿਵੇਕਲੀ ਪਹਿਲ ਕੀਤੀ ਹੈ। ਉਨ੍ਹਾਂ ਨੇ ਆਪਣੀ ਆੜ੍ਹਤ ’ਤੇ ਆਉਣ ਵਾਲੇ ਕਿਸਾਨਾਂ ਦਾ ਇਕ ਸਾਲ ਦਾ ਵਿਆਜ ਮੁਆਫ਼ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। ਇਸ ਉਪਰਾਲੇ ਦੀ ਕਿਸਾਨ ਯੂਨੀਅਨਾਂ ਅਤੇ ਕਿਸਾਨਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਜਿਨ੍ਹਾਂ ਕਿਸਾਨਾਂ ਦਾ ਵਿਆਜ ਮੁਆਫ਼ ਕੀਤਾ ਗਿਆ, ਉਨ੍ਹਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਸਾਫ਼ ਨਜ਼ਰ ਆਈ। ਕਿਸਾਨਾਂ ਨੇ ਕਿਹਾ ਕਿ ਅਜਿਹੇ ਦਰਿਆਦਿਲ ਇਨਸਾਨ ਸਮਾਜ ਵਿਚ ਬਹੁਤ ਘੱਟ ਮਿਲਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਏ ਨੇ ਕਿਹਾ ਕਿ ਇਸ ਸਾਲ ਕੁਦਰਤੀ ਆਫ਼ਤਾਂ ਕਾਰਨ ਵੱਖ-ਵੱਖ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਵੱਡੀ ਮਾਰ ਝੱਲਣੀ ਪਈ। ਕਿਸਾਨਾਂ ਦੇ ਇਸ ਦੁੱਖ ਨੂੰ ਦੇਖਦਿਆਂ ਉਨ੍ਹਾਂ ਨੇ ਇਕ ਸਾਲ ਦਾ ਵਿਆਜ 20 ਦੇ ਕਰੀਬ ਕਿਸਾਨਾਂ ਨੂੰ ਛੱਡਣ ਦਾ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਅਤੇ ਉਹ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦਾ ਦਰਦ ਵੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਅਮਲੋਹ ਦੇ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਅਤੇ ਹੋਰ ਕਿਸਾਨਾਂ ਨੇ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਹੋਰ ਆੜ੍ਹਤੀਆਂ ਨੂੰ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮਾਂ ਤੋਂ ਪੇ੍ਰਰਨਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਜੀਤ ਸਿੰਘ ਧਨੋਆ, ਕਮਲਜੀਤ ਸਿੰਘ ਜੱਗਾ, ਜਤਿੰਦਰ ਸਿੰਘ ਭੋਲੀਆ, ਲਖਵਿੰਦਰ ਸਿੰਘ ਅੰਨੀਆਂ, ਸਤਨਾਮ ਸਿੰਘ, ਬਿੰਦਰ ਸਿੰਘ ਰਾਏਵਾਲ, ਕੁਲਵਿੰਦਰ ਸਿੰਘ ਅੰਨੀਆਂ, ਸਹਿਜਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਰਾਏਵਾਲ ਆਦਿ ਮੌਜੂਦ ਸਨ।