ਮੰਡੀ ਗੋਬਿੰਦਗੜ੍ਹ, 25 ਜੂਨ (ਇਕਬਾਲਦੀਪ ਸੰਧੂ)-ਸ਼ਹਿਰ ਦੇ ਵਾਰਡ ਨੰ. 14 ਵਿਚ ਸਾਬਕਾ ਕੌਂਸਲਰ ਰਮਨਜੀਤ ਕੌਰ ਬੱਲ ਵਲੋਂ ਇਲਾਕੇ ਦੀਆਂ ਮਹਿਲਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ‘ਟੀਮ ਬੱਲ’ ਦੇ ਗਠਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਥਾਨਕ ਪੱਧਰ ’ਤੇ ਮਹਿਲਾਵਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੱਲ ਨੇ ਕਿਹਾ ਕਿ ਕਿਸੇ ਵੀ ਸੰਗਠਨ ਦੀ ਅਸਲ ਤਾਕਤ ਉਸ ਦੇ ਸਮਰਪਿਤ ਕਾਰਕੁਨਾਂ ਅਤੇ ਮਹਿਲਾ ਸ਼ਕਤੀ ਵਿਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਟੀਮ ਬੱਲ’ ਦਾ ਉਦੇਸ਼ ਭਾਜਪਾ ਦੀਆਂ ਨੀਤੀਆਂ, ਲੋਕ ਭਲਾਈ ਦੇ ਕੰਮਾਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਪਾਰਟੀ ਨਾਲ ਜੁੜ ਸਕਣ। ਉਨ੍ਹਾਂ ਨੇ ਪ੍ਰਧਾਨ ਮਹਿਲਾ ਮੰਡਲ ਦੀਪਿਕਾ ਗਰਗ, ਪ੍ਰੇਮਾ ਗੁਪਤਾ, ਰੀਨਾ ਕੁਮਾਰੀ ਤੇ ਇਸ ਮੌਕੇ ਮੌਜੂਦ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਹਰ ਪੱਧਰ ’ਤੇ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਅਤੇ ‘ਟੀਮ ਬੱਲ’ ਇਸੇ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਮੌਜੂਦ ਮਹਿਲਾਵਾਂ ਨੇ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੇ ਸਮਰਪਣ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।