ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ’ਤੇ ਹੋ ਰਹੇ ਹਮਲੇ ਬੰਦ ਕਰਵਾਉਣ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਸੰਬੰਧੀ ਵਿਧਾਇਕ ਰਾਏ ਨੂੰ ਸੌਂਪਿਆ ਮੰਗ ਪੱਤਰ
ਅਜੀਤ ਡੈਸਕ
27-06-2026
ਫ਼ਤਹਿਗੜ੍ਹ ਸਾਹਿਬ, 26 ਜੂਨ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਅੱਜ ਬਲਾਕ ਸਰਹਿੰਦ ਵਲੋਂ ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਲਾਭ ਪਾਤਰੀਆਂ ਦੇ ਫਾਰਮ ਭਰਨ ਵਿਚ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ’ਤੇ ਹੋ ਰਹੇ ਹਮਲੇ ਬੰਦ ਕਰਵਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੈ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਬਲਾਕ ਸਰਹਿੰਦ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਯੋਜਨਾ ਦੇ ਫਾਰਮ ਭਰਨ ਤੇ ਰਜਿਸਟ੍ਰੇਸ਼ਨ ਦੌਰਾਨ ਸਾਈਟ ਸਰਵਰ ਡਾਊਨ ਰਹਿਣ ਅਤੇ ਤਕਨੀਕੀ ਖ਼ਾਮੀਆਂ ਕਾਰਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨ ਪੈ ਰਿਹਾ ਹੈ। ਬੀਤੇ ਕੱਲ੍ਹ ਵਾਪਰੀ ਘਟਨਾ ਦਾ ਹਵਾਲਾ ਦਿੰਦਿਆਂ ਬੀਬੀ ਪੰਜੋਲਾ ਨੇ ਕਿਹਾ ਕਿ ਸਰਹਿੰਦ ਸ਼ਹਿਰ ਵਿਚ ਆਂਗਣਵਾੜੀ ਵਰਕਰ ਆਰਤੀ ਅਤੇ ਗੁਰਮੀਤ ਕੌਰ ਸੈਂਟਰ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰ ਰਹੀਆਂ ਸਨ, ਤਾਂ ਉਸ ਵੇਲੇ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਮਹਿਲਾਵਾਂ ਪਹਿਲਾਂ ਫਾਰਮ ਭਰਵਾਉਣ ਲਈ ਆਂਗਣਵਾੜੀ ਵਰਕਰਾਂ ’ਤੇ ਸਿਫ਼ਾਰਸ਼ਾਂ ਰਾਹੀਂ ਦਬਾਅ ਪਾ ਰਹੀਆਂ ਸਨ। ਜਦੋਂਕਿ ਫਾਰਮ ਭਰਨ ਵਾਲੀ ਸਾਈਟ ਦਾ ਸਰਵਰ ਡਾਊਨ ਚੱਲ ਰਿਹਾ ਸੀ। ਜਿਸ ਕਰਕੇ ਫਾਰਮ ਭਰਨ ਲਈ ਬਹੁਤ ਸਮਾਂ ਲੱਗ ਰਿਹਾ ਸੀ ਤਾਂ ਫਾਰਮ ਭਰਨ ਵਿਚ ਦੇਰੀ ਹੋਣ ਕਰਕੇ ਗ਼ੁੱਸੇ ਵਿਚ ਆਈਆਂ ਮਹਿਲਾਵਾਂ ਆਂਗਣਵਾੜੀ ਵਰਕਰਾਂ ਨਾਲ ਉਲਝਣ ਲੱਗ ਪਈਆਂ। ਜਿਸ ਦੇ ਸਿੱਟੇ ਵਜੋਂ ਮਾਨਸਿਕ ਦਬਾਅ ਕਾਰਨ ਦੋਵੇਂ ਆਂਗਣਵਾੜੀ ਵਰਕਰਾਂ ਉੱਥੇ ਹੀ ਬੇਹੋਸ਼ ਹੋ ਗਈਆਂ। ਜਿਨ੍ਹਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਚ ਭਰਤੀ ਕਰਵਾਉਣਾ ਪਿਆ। ਯੂਨੀਅਨ ਨੇ ਹਲਕਾ ਵਿਧਾਇਕ ਪਾਸੋਂ ਮੰਗ ਕੀਤੀ ਕਿ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਸੰਬੰਧਿਤ ਸਕੀਮ ਦੇ ਫਾਰਮ ਭਰਨ ਵਾਲੀ ਸਾਈਟ ਵਿਚ ਸੁਧਾਰ ਕੀਤਾ ਜਾਵੇ ਅਤੇ ਜੇਕਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਦੋਬਾਰਾ ਅਜਿਹੀ ਘਟਨਾ ਵਾਪਰਦੀ ਹੈ ਤਾਂ ਯੂਨੀਅਨ ਵਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਕੰਮ ਦਾ ਮੁਕੰਮਲ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ’ਤੇ ਗੁਰਮੀਤ ਕੌਰ ਪ੍ਰਧਾਨ ਬਲਾਕ ਸਰਹਿੰਦ, ਪਰਮਜੀਤ ਕੌਰ ਸਕੱਤਰ, ਬਲਵਿੰਦਰ ਕੌਰ ਖ਼ਜ਼ਾਨਚੀ ਤੋਂ ਇਲਾਵਾ ਹੋਰ ਵਰਕਰਾਂ ਵੀ ਹਾਜ਼ਰ ਸਨ। ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਆਂਗਣਵਾੜੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਸਕੀਮ ਵਿਚ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਸੰਬੰਧਿਤ ਸਕੀਮ ਦੇ ਫਾਰਮ ਭਰਨ ਵਾਲੀ ਸਾਈਟ ਦੀ ਦਿੱਕਤ ਨੂੰ ਦੂਰ ਕਰਵਾਇਆ ਜਾਵੇਗਾ।