ਗੁਰਦਾਸਪੁਰ, 28 ਜਨਵਰੀ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪੈਨਸ਼ਨਰਾਂ ਵਲੋਂ ਪਾਵਰਕਾਮ ਮੈਨੇਜਮੈਂਟ ਕੋਲੋਂ ਮੰਗਾਂ ਮਨਵਾਉਣ ਤੇ ਕੇਂਦਰ ਸਰਕਾਰ ਕੋਲੋਂ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ, ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਸੂਬਾ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਵਰ੍ਹਦੇ ਮੀਂਹ ਦੇ ਬਾਵਜੂਦ ਰਾਮ ਸਿੰਘ ਦੱਤ ਮੈਮੋਰੀਅਲ ਹਾਲ ਵਿਖੇ ਬਲਵਿੰਦਰ ਸਿੰਘ ਦੂਲਾ ਨੰਗਲ ਦੀ ਪ੍ਰਧਾਨਗੀ ਹੇਠ ਭਰਵੀਂ ਕਨਵੈੱਨਸ਼ਨ ਕੀਤੀ ਗਈ | ਜਿਸ ਵਿਚ ਪਠਾਨਕੋਟ ਦਿਹਾਤੀ ਤੇ ਸ਼ਹਿਰੀ, ਗੁਰਦਾਸਪੁਰ, ਧਾਰੀਵਾਲ, ਕਾਦੀਆਂ ਮੰਡਲ, ਬਟਾਲਾ ਸ਼ਹਿਰੀ ਤੇ ਦਿਹਾਤੀ ਦੇ ਮੰਡਲ ਪ੍ਰਧਾਨਾਂ ਤੋਂ ਇਲਾਵਾ ਸਰਕਲ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੂਬਾ ਆਗੂ ਜੋਗਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਦੂਲਾ ਨੰਗਲ ਸਰਕਲ ਪ੍ਰਧਾਨ ਗੁਰਦਾਸਪੁਰ, ਸਰਕਲ ਆਗੂ ਸੰਤੋਖ ਸਿੰਘ, ਸਰਕਲ ਆਗੂ ਕਮਲ ਕਿਸ਼ੋਰ, ਸੁਖਵਿੰਦਰ ਸਿੰਘ ਗਿੱਲ, ਅਮਰੀਕ ਸਿੰਘ ਬਾਂਗੋਆਣੀ, ਤੀਰਥ ਸਿੰਘ ਵਿਰਦੀ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਅੰਦਰ ਪਾਸ ਕਰਕੇ ਬਿਜਲੀ ਦਾ ਪੂਰਾ ਨਿੱਜੀਕਰਨ ਕਰਕੇ ਨਿੱਜੀ ਹੱਥਾਂ 'ਚ ਸੌਂਪਿਆ ਜਾ ਰਿਹਾ ਹੈ ਜਿਸ ਨੰੂ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਦੂਜੇ ਪਾਸੇ ਪੰਜਾਬ ਸਰਕਾਰ ਪਾਵਰਕਾਮ ਦੀਆਂ ਜ਼ਮੀਨਾਂ ਕੋਡੀਆਂ ਦੇ ਭਾਅ ਆਪਣੇ ਚੇਤਿਆਂ ਨੰੂ ਵੇਚ ਕੇ ਪੰਜਾਬ ਨੰੂ ਬਰਬਾਦ ਕਰਨ ਜਾ ਰਹੀ ਹੈ | ਆਗੂਆਂ ਕਿਹਾ ਕਿ ਪੰਜਾਬ ਸਰਕਾਰ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਬੇਵਜ੍ਹਾ ਬਰਬਾਦ ਕਰ ਰਹੀ ਹੈ | ਪਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ 16 ਫ਼ੀਸਦੀ ਬਕਾਇਆ ਤੇ ਏਰੀਅਰ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ, ਚਾਰ ਲੇਬਰ ਕਾਨੰੂਨ ਪਾਰਲੀਮੈਂਟ ਅੰਦਰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੈਨਸ਼ਨਰ ਵੀ ਕਿਸਾਨਾਂ ਨਾਲ ਅਗਲੇ ਹੀ ਦਿਨ ਰੇਲਾਂ ਜਾਮ ਕਰਨ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਜੋ 12 ਫਰਵਰੀ ਨੰੂ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ, ਪੈਨਸ਼ਨਰ ਉਸ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣਗੇ ਅਤੇ ਜਲਦ ਹੀ ਮੰਗਾਂ ਨੰੂ ਲੈ ਕੇ ਮਾਰਚ ਦੇ ਪਹਿਲੇ ਹਫ਼ਤੇ ਬਿਜਲੀ ਮੰਤਰੀ ਪੰਜਾਬ ਦੀ ਲੁਧਿਆਣਾ ਰਿਹਾਇਸ਼ 'ਤੇ ਧਰਨੇ ਦੇਣ ਲਈ ਮਜਬੂਰ ਹੋਣਗੇ | ਇਹ ਲਿਖਤੀ ਜਾਣਕਾਰੀ ਸਰਕਲ ਸਕੱਤਰ ਗੁਰਦਾਸਪੁਰ ਸੁਰਿੰਦਰ ਪੱਪੂ ਨੇ ਪੈ੍ਰੱਸ ਨੰੂ ਦਿੱਤੀ | ਇਸ ਮੌਕੇ ਦੇਸ ਰਾਜ, ਸਤਪਾਲ ਲੱਖੋਵਾਲ, ਹੰਸਰਾਜ ਸਿੰਘ ਪਠਾਨਕੋਟ, ਹਰਜੀਤ ਸਿੰਘ ਆਦਿ ਹਾਜ਼ਰ ਸਨ |