ਗੁਰਦਾਸਪੁਰ, 30 ਜਨਵਰੀ (ਚੱਕਰਾਜਾ)-ਦੋਰਾਂਗਲਾ ਤੋਂ ਗੁਰਦਾਸਪੁਰ ਸੜਕ ੳੱੁਪਰ ਪਿੰਡ ਹਕੀਮਪੁਰ ਨੇੜੇ ਪੈਂਦੇ ਪੈਟਰੋਲ ਪੰਪ 'ਤੇ ਕੰਮ ਕਰਦੇ ਇਕ ਵਿਅਕਤੀ ਵਲੋਂ ਪੁਲਿਸ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ | ਇਕ ਹਲਫੀਆ ਬਿਆਨ ਰਾਹੀਂ ਕੁਛਲ ਪੁੱਤਰ ਆਤਮਾ ਰਾਮ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਪਿੰਡ ਹਕੀਮਪੁਰ ਨੇੜੇ ਪੈਂਦੇ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ | ਪਿਛਲੇ ਦਿਨੀਂ ਇਕ ਸਵਿਫਟ ਗੱਡੀ ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ | ਪੈਟਰੋਲ ਪੰਪ 'ਤੇ ਤੇਲ ਪਵਾਉਣ ਲਈ ਆਏ, ਇਨ੍ਹਾਂ 'ਚੋਂ ਇਕ ਵਿਅਕਤੀ ਨੇ ਕਾਰ 'ਚੋਂ ਉਤਰ ਕੇ ਇਕ ਹਜ਼ਾਰ ਰੁਪਏ ਦਾ ਤੇਲ ਪਾਉਣ ਲਈ ਕਿਹਾ | ਜਿਸ 'ਤੇ ਜਦ ਉਸ ਵਲੋਂ ਤੇਲ ਪਾਉਣ ਤੋਂ ਪਹਿਲਾਂ ਮੀਟਰ ਚੈੱਕ ਕਰਨ ਲਈ ਕਿਹਾ ਗਿਆ ਤਾਂ ਗੱਡੀ ਵਿਚੋਂ ਦੋ ਹੋਰ ਨੌਜਵਾਨ ਨਿਕਲੇ ਤੇ ਉਸ ਨੰੂ ਬਿਨ੍ਹਾਂ ਵਜ੍ਹਾ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਕੁੱਟਮਾਰ ਕੀਤੀ ਗਈ ਤੇ ਉਸ ਕੋਲੋਂ ਪੈਸੇ ਵੀ ਖੋਹ ਲਏ ਗਏ | ਉਸ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਸ ਵਲੋਂ ਥਾਣਾ ਦੋਰਾਂਗਲਾ ਵਿਖੇ ਦਿੱਤੀ ਗਈ ਸੀ ਪਰ ਪੁਲਿਸ ਵਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਉਸ ਨੇ ਦੱਸਿਆ ਕਿ ਇਸ ਘਟਨਾ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਵੀ ਉਸ ਕੋਲ ਮੌਜੂਦ ਹੈ | ਪੀੜਤ ਵਲੋਂ ਪੁਲਿਸ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ |