ਨੌਸ਼ਹਿਰਾ ਮੱਝਾ ਸਿੰਘ, 22 ਫਰਵਰੀ (ਰਵੀ ਭਗਤ)-ਸਿਵਿਲ ਸਰਜਨ ਗੁਰਦਾਸਪੁਰ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ ਦੇ ਨਿਰਦੇਸ਼ਾਂ 'ਤੇ ਐਸ.ਐਮ.ਓ. ਡਾ. ਰਵਿੰਦਰ ਸਿੰਘ ਦੀ ਅਗੁਵਾਈ ਹੇਠ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਸਥਾਨਕ ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਵਿਖੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਕਾਰਨ ਕੁੜੀਆਂ ਦੀ ਜਨਮ ਦਰ ਵਿਚ ਵਾਧਾ ਹੋਇਆ ਹੈ ਅਤੇ ਕੁੜੀਆਂ ਦੀ ਜਨਮ ਦਰ ਵਿਚ ਹੋਰ ਸੁਧਾਰ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੁੜੀਆਂ ਲਈ ਸਰਕਾਰ ਵਲੋਂ ਜਾਰੀ ਸਕੀਮਾਂ ਬਾਲੜੀ ਰੱਖਿਆ ਯੋਜਨਾ ਤੇ ਸੁਕੰਨਿਆ ਸਮਰਿੱਧੀ ਯੋਜਨਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, 0 ਤੋਂ 5 ਸਾਲ ਤੱਕ ਦੀਆਂ ਕੁੜੀਆਂ ਦੇ ਮੁਫ਼ਤ ਇਲਾਜ ਦੀ ਸਹੂਲੀਅਤ ਮੁਹੱਈਆ ਕਰਵਾਈ ਜਾ ਰਹੀ ਹੈ, ਕੁੜੀਆਂ ਦੀ ਬਿਹਤਰ ਦੇਖਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਤਹਿਤ ਲਿੰਗ ਨਿਰਧਾਰਨ ਟੈਸਟ ਕਰਨਾ ਅਪਰਾਧ ਹੈ, ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ | ਡਾ. ਜਸਪਾਲ ਕੌਰ ਨੇ ਕੁੜੀਆਂ ਦੇ ਇਲਾਜ ਅਤੇ ਬਿਹਤਰੀ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਮੁਫਤ ਸਕੀਮਾਂ ਬਾਰੇ ਦੱਸਦਿਆਂ ਕਿਹਾ ਕਿ ਪਿੰਡ ਪੱਧਰ 'ਤੇ ਇਸ ਸਬੰਧੀ ਜਾਗਰੁਕਤਾ ਪੈਦਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਬਲਾਕ ਪੱਧਰ 'ਤੇ ਸਮੇਂ-ਸਮੇਂ 'ਤੇ ਕੁੜੀਆਂ ਅਤੇ ਮੁੰਡਿਆਂ ਦੀ ਜਨਮ ਦਰ ਦਾ ਬਿਉਰਾ ਇਕੱਠਾ ਕਰ ਕੇ ਬਦਲਾਅ ਲਈ ਚਰਚਾ ਕੀਤੀ ਜਾਵੇ ਅਤੇ ਬੇਟੀ ਦੇ ਜਨਮ ਤੇ ਵੀ ਖੁਸ਼ੀ ਮਨਾਈ ਜਾਵੇ | ਇਸ ਮੌਕੇ ਡਾ. ਮੁਹੱਬਤਪਾਲ ਸਿੰਘ, ਗਾਇਨੀਕਲੋਜਿਸਟ ਡਾ. ਜਸਪਾਲ ਕੌਰ, ਡੈਂਟਲ ਡਾਕਟਰ ਜਨਾਤਨ, ਐਚ.ਆਈ ਅੰਮਿ੍ਤ ਚਮਕੌਰ ਸਿੰਘ, ਬੀ.ਈ.ਈ. ਹਰਪ੍ਰੀਤ ਸਿੰਘ, ਤਰਸੇਮ ਲਾਲ, ਵਰੁਨ ਕੁਮਾਰ, ਸੁਮੀਤ ਸ਼ਰਮਾ ਅਤੇ ਸੇਖਵਾਂ ਕਾਲਜ ਦੇ ਨਰਸਿੰਗ ਸਟੂਡੈਂਟਸ ਹਾਜ਼ਰ ਸਨ |