ਗੁਰਦਾਸਪੁਰ, 10 ਅਪ੍ਰੈਲ (ਚੱਕਰਾਜਾ)- ਸਥਾਨਕ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਵਿਖੇ ਸਰਕਾਰੀ ਸਕੂਲ ਵਾਲੀ ਗਲੀ ਵਿਚ ਲੱਗ ਰਹੇ ਟਰਾਂਸਫ਼ਾਰਮਰ ਨੂੰ ਲੈ ਕੇ ਮੁਹੱਲੇ ਦੀਆਂ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਜਿੱਥੇ ਇਕ ਧਿਰ ਦਾ ਕਹਿਣਾ ਹੈ ਕਿ ਜਿੱਥੇ ਟਰਾਂਸਫ਼ਾਰਮਰ ਲੱਗ ਰਿਹਾ ਹੈ, ਉਸ ਦੇ ਨਜ਼ਦੀਕ ਹੀ ਸਰਕਾਰੀ ਸਕੂਲ ਹੈ ਜਿੱਥੇ ਛੋਟੇ ਛੋਟੇ ਬੱਚੇ ਪੜ੍ਹਨ ਲਈ ਆਉਂਦੇ ਹਨ ਤੇ ਉਹ ਖੇਡਦੇ ਵੀ ਹਨ | ਹਾਈ ਵੋਲਟੇਜ ਟਰਾਂਸਫ਼ਾਰਮਰ ਕਾਰਨ ਉਹ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ | ਜਦੋਂ ਕਿ ਦੂਜੀ ਧਿਰ ਦਾ ਕਹਿਣਾ ਸੀ ਕਿ ਇਲਾਕੇ ਵਿਚ ਪਿਛਲੇ ਕਈ ਸਾਲਾ ਤੋਂ ਬਿਜਲੀ ਦੀ ਸਮੱਸਿਆ ਆ ਰਹੀ ਹੈ, ਇਸ ਲਈ ਟਰਾਂਸਫ਼ਾਰਮਰ ਮਨਜ਼ੂਰ ਹੋਇਆ ਸੀ | ਇਸ ਨਾਲ ਇਲਾਕੇ ਦੀ ਬਿਜਲੀ ਸਮੱਸਿਆ ਦੂਰ ਹੋਵੇਗੀ ਪਰ ਇਕ ਦੋ ਘਰਾਂ ਦੇ ਲੋਕ ਆਪਣੇ ਘਰ ਦੇ ਸਾਹਮਣੇ ਇਸ ਟਰਾਂਸਫ਼ਾਰਮਰ ਦੇ ਲੱਗਣ ਦਾ ਵਿਰੋਧ ਕਰ ਰਹੇ ਹਨ ਜਦਕਿ ਇਹ ਸਰਕਾਰੀ ਜਗ੍ਹਾ ਹੈ ਤੇ ਇਲਾਕੇ ਵਿਚ ਹੋਰ ਕਿਤੇ ਵੀ ਟਰਾਂਸਫ਼ਾਰਮਰ ਲਗਾਉਣ ਦੀ ਜਗ੍ਹਾ ਨਹੀਂ ਹੈ | ਪਾਵਰਕਾਮ ਦੇ ਐਸ.ਡੀ.ਓ. ਭੁਪਿੰਦਰ ਕਲੇਰ ਨੇ ਮੌਕੇ 'ਤੇ ਪਹੁੰਚ ਕੇ ਟਰਾਂਸਫ਼ਾਰਮਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਤੇ ਮੁਹੱਲਾ ਵਾਸੀਆਂ ਨੰੂ ਭਰੋਸਾ ਦਿਵਾਇਆ ਕਿ ਟਰਾਂਸਫ਼ਾਰਮਰ ਦੇ ਆਲੇ ਦੁਆਲੇ ਫੈਂਸਿੰਗ ਕਰਕੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ ਜਿਸ ਨਾਲ ਕਿਸੇ ਨੰੂ ਕੋਈ ਸਮੱਸਿਆ ਨਹੀਂ ਆਵੇਗੀ |