ਤਿੱਬੜ, 27 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਵਿਚ ਬਿਨਾਂ ਡਾਕਟਰੀ ਪਰਚੀ ਦੇ ਸਟੀਰੋਇਡ ਦਵਾਈਆਂ ਦੀ ਵਿਕਰੀ ਇਕ ਗੰਭੀਰ ਸਿਹਤ ਖਤਰੇ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ | ਫਾਰਮੇਸੀ ਦੀਆਂ ਦੁਕਾਨਾਂ 'ਤੇ ਆਮ ਬਿਮਾਰੀਆਂ ਜਿਵੇਂ ਜ਼ੁਕਾਮ, ਖੰਘ ਅਤੇ ਦਰਦ ਲਈ ਵੀ ਤਾਕਤਵਰ ਸਟੀਰੋਇਡ ਦਵਾਈਆਂ ਦੀ ਵਰਤੋਂ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਹੈ | ਮਰੀਜ਼ਾਂ ਨੰੂ ਸਟੀਰੋਇਡ ਦੀ ਵਰਤੋਂ ਨਾਲ ਤੁਰੰਤ ਆਰਾਮ ਤਾਂ ਮਿਲਦਾ ਹੈ | ਪਰ ਇਸ ਦੇ ਪਿੱਛੇ ਲੁਕਿਆ ਖ਼ਤਰਨਾਕ ਖ਼ਤਰਾ ਉਨ੍ਹਾਂ ਦੀ ਸਿਹਤ ਲਈ ਇਨ੍ਹਾਂ ਬਿਮਾਰੀਆਂ ਨਾਲੋਂ ਕਿਤੇ ਵੱਡਾ ਹੋ ਸਕਦਾ ਹੈ | ਮੈਡੀਕਲ ਮਾਹਿਰਾਂ ਅਨੁਸਾਰ ਬਿਨਾਂ ਸਲਾਹ ਦੇ ਸਟੀਰੋਇਡ ਦੀ ਵਰਤੋਂ ਸਰੀਰ ਦੇ ਹਾਰਮੋਨ ਸੰਤੁਲਨ ਨੰੂ ਖ਼ਰਾਬ ਕਰ ਦਿੰਦੀ ਹੈ | ਇਸ ਨਾਲ ਸ਼ੂਗਰ, ਹੱਡੀਆਂ ਦੀ ਕਮਜ਼ੋਰੀ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਕਾਰਨ ਕਈ ਬਿਮਾਰੀਆਂ ਪੈਦਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ | ਮਰੀਜ਼ਾਂ ਨੰੂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਸਟੀਰੋਇਡ ਲੈ ਰਹੇ ਹਨ | ਕਾਨੰੂਨੀ ਤੌਰ 'ਤੇ ਇਹ ਦਵਾਈਆਂ ਬਿਨਾਂ ਡਾਕਟਰ ਦੀ ਪਰਚੀ ਦੇ ਦੇਣਾ ਗੈਰ ਕਾਨੰੂਨੀ ਹੈ | ਪਰ ਇਸ ਦੇ ਬਾਵਜੂਦ ਇਹ ਪ੍ਰੈਕਟਿਸ ਬੇਰੋਕ ਚੱਲ ਰਹੀ ਹੈ | ਪੰਜਾਬ ਦੇ ਕਈ ਸ਼ਹਿਰੀ ਤੇ ਪੇਂਡੂ ਖੇਤਰਾਂ ਅੰਦਰ ਰਜਿਸਟਰਡ ਫਾਰਮਾਸਿਸਟਾਂ ਅਤੇ ਆਰ.ਐਮ.ਪੀ ਡਾਕਟਰਾਂ ਵਲੋਂ ਦੁਕਾਨਾਂ 'ਤੇ ਬਿਨਾਂ ਡਾਕਟਰ ਦੀ ਪਰਚੀ ਦੇ ਤਾਕਤਵਰ ਕੋਰਟੀਕੋਸਟਿਰੋਇਡ ਦਵਾਈਆਂ ਜਿਵੇਂ ਡੈਕਸਾਮੈਥਾਸੋਨ, ਪ੍ਰੇਡਨਿਸ਼ੋਲੋਨ ਅਤੇ ਬੇਟਾਮੈਥਾਸੋਨ ਦੀ ਖੁੱਲ੍ਹੀ ਵਿਕਰੀ ਹੋਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਇਹ ਦਵਾਈਆਂ ਜ਼ੁਕਾਮ, ਖੰਘ, ਬੁਖ਼ਾਰ, ਦਰਦ ਜਾਂ ਚਮੜੀ ਦੀਆਂ ਛੋਟੀਆਂ ਸਮੱਸਿਆਵਾਂ ਲਈ ਵੀ ਬਿਨਾਂ ਕਿਸੇ ਮੈਡੀਕਲ ਜਾਂਚ ਜਾਂ ਸਲਾਹ ਦੇ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਮਰੀਜ਼ਾਂ ਨੰੂ ਤੁਰੰਤ ਆਰਾਮ ਤਾਂ ਮਿਲਦਾ ਹੈ | ਪਰ ਇਸ ਦੇ ਗੰਭੀਰ ਤੇ ਲੰਮੇ ਸਮੇਂ ਦੇ ਸਾਈਡ ਇਫੈਕਟਸ ਦਾ ਖ਼ਤਰਾ ਵੀ ਵਧ ਜਾਂਦਾ ਹੈ | ਸਿਹਤ ਮਾਹਿਰਾਂ ਅਨੁਸਾਰ ਇਨ੍ਹਾਂ ਦੀ ਬੇਰੋਕ ਟੋਕ ਵਰਤੋਂ ਨਾਲ ਐਡ੍ਰੀਨਲ ਸਪ੍ਰੈਸ਼ਨ, ਸਟੀਰੋਇਡ ਕਾਰਨ ਸ਼ੂਗਰ, ਹੱਡੀਆਂ ਦੀ ਕਮਜ਼ੋਰੀ, ਕੁਸ਼ਿੰਗ ਸਿੰਡਰੋਮ, ਬਿਮਾਰੀਆਂ ਨਾਲ ਲੜਨ ਦੀ ਸਮਰੱਥਾ 'ਚ ਕਮੀ ਹੋਣ ਦੇ ਨਾਲ ਨਾਲ ਮਾਨਸਿਕ ਰੋਗਾਂ ਦੀਆਂ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ | ਜਦੋਂ ਕਿ ਦਵਾਈ ਅਚਾਨਕ ਛੱਡਣ ਨਾਲ ਜਾਨ ਲਈ ਖ਼ਤਰਨਾਕ ਐਡ੍ਰੀਨਲ ਕ੍ਰਾਇਸੀਸ ਵੀ ਹੋ ਸਕਦਾ ਹੈ | ਦੂਜੇ ਪਾਸੇ ਕਾਨੰੂਨੀ ਤੌਰ 'ਤੇ ਇਹ ਦਵਾਈਆਂ ਸਿਰਫ਼ ਡਾਕਟਰਾਂ ਦੀ ਪਰਚੀ ਨਾਲ ਹੀ ਦਿੱਤੀਆਂ ਜਾ ਸਕਦੀਆਂ ਹਨ | ਪਰ ਲਾਗੂ ਕਰਨ ਵਾਲੇ ਵਿਭਾਗਾਂ ਦੀ ਢਿੱਲ ਤੇ ਮਿਲੀਭੁਗਤ ਨਾਲ ਇਨ੍ਹਾਂ ਦੀ ਵਿਕਰੀ ਜ਼ੋਰਾਂ 'ਤੇ ਚੱਲ ਰਹੀ ਹੈ | ਪ੍ਰਾਈਵੇਟ ਦੁਕਾਨਦਾਰਾਂ ਅਤੇ ਫਾਰਮਾਸਿਸਟਾਂ ਵਲੋਂ ਮਰੀਜ਼ਾਂ ਨੰੂ ਜਲਦ ਠੀਕ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ | ਸਿਹਤ ਵਿਭਾਗ, ਡਾਕਟਰਾਂ ਤੇ ਡਰੱਗ ਇੰਸਪੈਕਟਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਪਸ਼ਟ ਤੌਰ 'ਤੇ ਸਟੀਰੋਇਡ ਦਵਾਈਆਂ ਦੇਣ ਵਾਲਿਆਂ ਖ਼ਿਲਾਫ਼ ਲਗਾਤਾਰ ਚੈਕਿੰਗ ਕਰਨ ਅਤੇ ਫਾਰਮਾਸਿਸਟਾਂ ਨੰੂ ਵੀ ਸਿਖਲਾਈ ਦੇ ਕੇ ਇਹ ਯਕੀਨੀ ਬਣਾਉਣ ਕਿ ਉਹ ਬਿਨਾਂ ਡਾਕਟਰ ਦੀ ਨਿਗਰਾਨੀ ਦੇ ਸਟੀਰੋਇਡ ਦੀ ਵਰਤੋਂ ਨਾ ਕਰਨ | ਪਰ ਡਰੱਗ ਇੰਸਪੈਕਟਰ ਇਸ ਨੰੂ ਪੂਰੀ ਤਰ੍ਹਾਂ ਰੋਕਣ ਵਿਚ ਅਸਫਲ ਨਜ਼ਰ ਆ ਰਹੇ ਹਨ | ਇਸ ਸਬੰਧੀ ਕਾਨੰੂਨ ਮੌਜੂਦ ਹੋਣ ਦੇ ਬਾਵਜੂਦ ਜੇ ਉਸ ਦੀ ਸਖ਼ਤੀ ਨਾਲ ਪਾਲ੍ਹਾ ਨਹੀਂ ਹੋ ਰਹੀ ਤਾਂ ਇਸ ਵਿਚ ਵਿਭਾਗ ਦੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਡਰੱਗ ਇੰਸਪੈਕਟਰਾਂ ਦੀ ਘੱਟ ਗਿਣਤੀ ਹੋਣ ਕਾਰਨ ਉਨ੍ਹਾਂ ਕੋਲ ਇਲਾਕਾ ਜ਼ਿਆਦਾ ਹੋਣ ਕਰਕੇ ਫਾਰਮੇਸੀ ਦੁਕਾਨਾਂ ਦੀ ਲਗਾਤਾਰ ਚੈਕਿੰਗ ਨਾ ਹੋਣਾ ਵੀ ਇਸ ਦਾ ਵੱਡਾ ਕਾਰਨ ਹੈ |