ਧਾਰੀਵਾਲ, 6 ਮਈ (ਸਵਰਨ ਸਿੰਘ)-ਪਿੰਡ ਦੇਵੀਦਾਸਪੁਰ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਏ ਝਗੜੇ ਦੌਰਾਨ ਡਾਂਗਾਂ ਤੇ ਪਿਸਤੌਲ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ 'ਚ 2 ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਹੈ | ਥਾਣਾ ਧਾਰੀਵਾਲ ਪੁਲਿਸ ਨੇ ਮਾਮਲੇ ਸਬੰਧੀ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸਟੀਫਨ ਪੁੱਤਰ ਹੇਮਾ ਮਸੀਹ ਵਾਸੀ ਪਿੰਡ ਦੇਵੀਦਾਸਪੁਰ ਨੇ ਦੱਸਿਆ ਕਿ ਉਹ ਕਬੱਡੀ ਖਿਡਾਰੀ ਹੈ, ਜੋ ਕਿ 5 ਮਈ ਦੀ ਸ਼ਾਮ ਕਰੀਬ 7:30 ਵਜੇ ਉਹ ਆਪਣੇ ਸਾਥੀ ਸੁਖਦੇਵ ਸਿੰਘ ਨਾਲ ਪਿੰਡ ਵਿਚ ਜਾ ਰਿਹਾ ਸੀ, ਜਦੋਂ ਉਹ ਸੁਖਵਿੰਦਰ ਸਿੰਘ ਦੇ ਘਰ ਨੇੜੇ ਪਹੁੰਚੇ ਤਾਂ ਜਸਵਿੰਦਰ ਸਿੰਘ ਉਰਫ਼ ਜੱਸ ਨੇ ਡਾਂਗ ਨਾਲ ਉਸ 'ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਅਭੀ ਮਸੀਹ ਉਰਫ਼ ਸਾਬੀ ਨੇ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਘੇਰ ਲਿਆ ਤੇ ਧਮਕੀਆਂ ਦਿੱਤੀਆਂ | ਸ਼ਿਕਾਇਤ ਅਨੁਸਾਰ ਕੁਝ ਸਮੇਂ ਬਾਅਦ ਅਜੀਤ ਸਿੰਘ ਪਿਸਤੌਲ ਸਮੇਤ ਹੋਰ ਸਾਥੀਆਂ ਨਾਲ ਮੌਕੇ 'ਤੇ ਪਹੁੰਚਿਆ ਤੇ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ, ਜੋ ਕਿ ਗੋਲੀ ਸਟੀਫਨ ਦੇ ਪੈਰ ਦੇ ਅੰਗੂਠੇ ਤੇ ਅਜੀਤ ਸਿੰਘ ਨੇ ਹੋਰ ਗੋਲੀਆਂ ਚਲਾਈਆਂ, ਜਿਸ 'ਤੇ ਸੁਖਦੇਵ ਸਿੰਘ ਨੂੰ ਵੀ ਗੋਲੀ ਲੱਗੀ | ਰੌਲਾ ਪੈਣ 'ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀਆਂ ਨੂੰ ਪਹਿਲਾਂ ਸੀ.ਐੱਚ.ਸੀ. ਧਾਰੀਵਾਲ ਅਤੇ ਬਾਅਦ ਵਿਚ ਸਿਵਲ ਹਸਪਤਾਲ ਗੁਰਦਾਸਪੁਰ ਤਬਦੀਲ ਕੀਤਾ ਗਿਆ | ਐੱਸ.ਐੱਚ.ਓ. ਥਾਣਾ ਧਾਰੀਵਾਲ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ 'ਤੇ ਫੋਰੈਂਸਿਕ ਸਾਇੰਸ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਗਈ | ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |