ਬਟਾਲਾ, 9 ਮਈ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ (ਤਾਰਾਗੜ੍ਹ ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਮਾਂ ਦੀ ਮਮਤਾ ਅਤੇ ਉਸ ਦੇ ਨਿਰਸਵਾਰਥ ਪਿਆਰ ਨੂੰ ਸਮਰਪਿਤ 'ਮਾਂ ਦਿਵਸ' ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ | 'ਮਾਂ ਦਿਵਸ' ਨੂੰ ਸਮਰਪਿਤ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਤਿਕਾਰਯੋਗ ਮਾਵਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਮਾਂ ਦੀ ਮਹਿਮਾ ਵਿਚ ਗਾਏ ਗਏ ਗੀਤਾਂ ਤੇ ਕਵਿਤਾਵਾਂ ਨਾਲ ਹੋਈ | ਛੋਟੇ-ਛੋਟੇ ਬੱਚਿਆਂ ਨੇ ਕੋਰੀਓਗ੍ਰਾਫ਼ੀ ਤੇ ਭਾਸ਼ਣਾਂ ਰਾਹੀਂ ਦੱਸਿਆ ਕਿ ਇਕ ਬੱਚੇ ਦੇ ਜੀਵਨ ਵਿਚ ਮਾਂ ਦਾ ਸਥਾਨ ਰੱਬ ਵਰਗਾ ਹੁੰਦਾ ਹੈ | ਪਿ੍ੰਸੀਪਲ ਡਾ. ਉਪਮਾ ਮਹਾਜਨ ਨੇ ਸਮੂਹ ਮਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 'ਮਾਂ' ਸੰਸਾਰ ਦਾ ਉਹ ਸ਼ਬਦ ਹੈ, ਜਿਸ ਵਿਚ ਸਾਰੀ ਕਾਇਨਾਤ ਦਾ ਪਿਆਰ ਸਮਾਇਆ ਹੋਇਆ ਹੈ | ਇਕ ਮਾਂ ਹੀ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ, ਜੋ ਉਸ ਨੂੰ ਸੰਸਕਾਰਾਂ ਦੀ ਗੁੜ੍ਹਤੀ ਦਿੰਦੀ ਹੈ | ਸਾਨੂੰ ਸਾਰਿਆਂ ਨੂੰ ਆਪਣੀ ਮਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ | ਵਿਦਿਆਰਥੀਆਂ ਨੇ ਹੱਥੀਂ ਸੁੰਦਰ ਕਾਰਡ ਬਣਾ ਕੇ ਆਪਣੀਆਂ ਮਾਵਾਂ ਨੂੰ ਤੋਹਫ਼ੇ ਵਜੋਂ ਦਿੱਤੇ | ਸਕੂਲ ਆਏ ਮਾਪਿਆਂ ਲਈ ਕੁਝ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਦਾ ਸਾਰਿਆਂ ਨੇ ਭਰਪੂਰ ਆਨੰਦ ਮਾਣਿਆਂ | ਇਸ ਮੌਕੇ ਸਕੂਲ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਉਪ ਚੇਅਰਮੈਨ ਸ: ਕੁਲਦੀਪ ਸਿੰਘ ਬੈਂਸ, ਡਾਇਰੈਕਟਰ ਐਡਵਾਈਜ਼ਰ ਸ: ਗੁਰਜੀਤ ਸਿੰਘ ਬੈਂਸ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ ਅਤੇ ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਇਸ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |