ਬਟਾਲਾ, 14 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿਖੇ ਇਕ ਬੰਦ ਫੈਕਟਰੀ ਵਿਚ ਚੰਡੀਗੜ੍ਹ ਮਾਰਕਾ 300 ਪੇਟੀ ਨਾਜਾਇਜ਼ ਸ਼ਰਾਬ ਕਾਬੂ ਕੀਤੀ ਗਈ ਹੈ | ਇਸ ਬਾਰੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਵਿਖੇ ਕਿਸੇ ਫੈਕਟਰੀ ਅੰਦਰ ਨਾਜਾਇਜ਼ ਸ਼ਰਾਬ ਪਈ ਹੈ, ਜਿਸ ਤਹਿਤ ਥਾਣਾ ਸਿਵਿਲ ਲਾਈਨ ਦੀ ਪੁਲਿਸ ਦੀ ਮਦਦ ਨਾਲ ਉਕਤ ਫੈਕਟਰੀ 'ਚ ਚੈੱਕ ਕਰਨ 'ਤੇ ਅੰਦਰ ਪਈ ਚੰਡੀਗੜ੍ਹ ਮਾਰਕਾ ਦੇਸੀ ਸ਼ਰਾਬ ਕਰੀਬ 300 ਪੇਟੀਆਂ ਬਰਾਮਦ ਹੋਈਆਂ | ਉਨ੍ਹਾਂ ਦੱਸਿਆ ਕਿ ਜਦ ਉਕਤ ਫੈਕਟਰੀ ਦੇ ਮਾਲਕ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਇਹ ਜਗ੍ਹਾ ਕਿਰਾਏ ਉੱਪਰ ਦਿੱਤੀ ਹੋਈ ਹੈ, ਜਿਸ ਨੂੰ ਉਹ ਜਗ੍ਹਾ ਦਿੱਤੀ ਹੈ, ਉਸ ਕੋਲੋਂ ਅਸ਼ਟਾਮ ਵੀ ਲਿਖਵਾਇਆ ਹੋਇਆ ਹੈ | ਇਸ ਸੰਬੰਧੀ ਥਾਣਾ ਸਿਵਿਲ ਲਾਈਨ ਦੇ ਐਸ.ਐਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਫੜੀ ਗਈ ਸ਼ਰਾਬ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ | ਇਸ ਮੌਕੇ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਲਈ ਲੋਕਾਂ ਦਾ ਰੁਝਾਨ ਜਿਸ ਪਾਸੇ ਹੈ, ਉਹ ਸਭ ਨੂੰ ਪਤਾ, ਪਰ ਵਿਰੋਧੀਆਂ ਵਲੋਂ ਸ਼ਰਾਬ ਤੇ ਪੈਸੇ ਵੰਡਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਣਗੀਆਂ |