ਅਲੀਵਾਲ, 16 ਮਈ (ਸੁੱਚਾ ਸਿੰਘ ਬੁੱਲੋਵਾਲ)-ਕਈ ਸਾਲਾਂ ਤੋਂ ਲਟਕਦੀ ਅਲੀਵਾਲ ਤੋਂ ਭਾਲੋਵਾਲ ਵਾਲੀ ਸੜਕ ਬਣਨ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਹਲਕਾ ਵਾਸੀਆਂ 'ਚ ਖੁਸ਼ੀ ਦੀ ਲਹਿਰ ਹੈ | ਇਹ ਜਾਣਕਾਰੀ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਦਿੱਤੀ | ਸ: ਪੰਨੂੰ ਨੇ ਕਿਹਾ ਕਿ ਇਸ ਨਾਲ ਹਲਕਾ ਵਾਸੀਆਂ ਦੀਆਂ ਅਨੇਕਾਂ ਮੁਸ਼ਕਲਾਂ ਹੱਲ ਹੋਣਗੀਆਂ, ਕਿਉਂਕਿ ਇਸ ਸੜਕ 'ਤੇ ਕਈ ਪਿੰਡ ਵੱਸੇ ਹੋਏ ਹਨ | ਇਸ ਤੋਂ ਇਲਾਵਾ ਅੰਮਿ੍ਤਸਰ ਨੂੰ ਫ਼ਤਹਿਗੜ੍ਹ ਚੂੜੀਆਂ, ਮਜੀਠਾ, ਹਵਾਈ ਅੱਡਾ ਰਾਜਾਸਾਂਸੀ ਨੂੰ ਜਾਣ ਲਈ ਸਿੱਧਾ ਤੇ ਨੇੜੇ ਦਾ ਰਸਤਾ ਪੈਂਦਾ ਹੈ | ਹੁਣ ਪਿੰਡ ਵਾਸੀਆਂ ਲਈ ਇਨ੍ਹਾਂ ਸਥਾਨਾਂ 'ਤੇ ਪਹੁੰਚਣਾ ਬਹੁਤ ਹੀ ਆਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਇਹ ਸੜਕ ਦੇ ਹੇਠਾਂ ਸੀਮਿਟ ਦਾ ਆਧਾਰ ਹੋਵੇਗਾ ਤੇ ਉਪਰ ਲੁੱਕ ਪਵੇਗੀ | ਸੜਕ ਬਣਾਉਣ ਵਾਲੇ ਠੇਕੇਦਾਰ ਦੀ 5 ਸਾਲ ਦੀ ਗਾਰੰਟੀ ਹੋਵੇਗੀ, ਜੇਕਰ ਸੜਕ ਥੋੜੀ-ਬਹੁਤੀ ਵੀ ਟੁੱਟਦੀ ਹੈ ਤਾਂ ਠੇਕੇਦਾਰ ਜ਼ਿੰਮੇਵਾਰ ਹੋਵੇਗਾ | ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸੜਕ ਨੂੰ ਮਨਜ਼ੂਰੀ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਦਾ ਮਾਣ ਵਧਾਇਆ ਹੈ | ਇਸ ਸੜਕ 'ਤੇ 15 ਕਰੋੜ 42 ਲੱਖ ਰੁਪਏ ਖਰਚ ਹੋਣਗੇ | ਬਲਬੀਰ ਸਿੰਘ ਪੰਨੂੰ ਨੇ ਅੰਤ ਵਿਚ ਕਿਹਾ ਕਿ 'ਆਪ' ਸਰਕਾਰ ਜਨਤਾ ਦੀਆਂ ਸੁੱਖ-ਸੁਵਿਧਾ ਲਈ ਯਤਨਸ਼ੀਲ ਹੈ, ਮੈਂ ਵੀ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਹਰ ਵੇਲੇ ਤਿਆਰ ਰਹਿੰਦਾ ਹਾਂ, ਮੇਰਾ ਹਲਕਾ ਮੇਰਾ ਪਰਿਵਾਰ ਹੈ |