ਪਠਾਨਕੋਟ, 21 ਮਈ (ਸੰਧੂ)-ਰੈਫ਼ਰ ਐਨ.ਜੀ.ਓ. ਵਲੋਂ ਮਿਨਰਵਾ ਗਰੁੱਪ ਆਫ ਕਾਲਜਿਜ਼ ਇੰਦੌਰਾ ਵਿਚ ਏ.ਆਈ. ਤੇ ਰੇਡੀਓਲੋਜੀਕਲ ਐਮਰਜੈਂਸੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਨਰਸਿੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ | ਰੈਫ਼ਰ ਐਨ.ਜੀ.ਓ. ਦੇ ਪ੍ਰਧਾਨ ਦੀਪਕ ਗੁਪਤਾ ਨੇ 'ਆਧੁਨਿਕ ਨਰਸਿੰਗ ਕੇਅਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਏ.ਆਈ. ਸਿਹਤ ਸੇਵਾਵਾਂ ਵਿਚ ਵੱਡੇ ਬਦਲਾਅ ਲਿਆ ਰਹੀ ਹੈ | ਉਨ੍ਹਾਂ ਸਮਾਰਟ ਹੈਲਥ ਮੋਨੀਟਰਿੰਗ, ਡਿਜ਼ੀਟਲ ਹੈਲਥ ਸਿਸਟਮ ੱਤੇ ਰੋਬੋਟਿਕ ਸਹਾਇਤਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਇਸ ਮੌਕੇ ਪ੍ਰਸਿੱਧ ਨਿਊਕਲੀਅਰ ਵਿਗਿਆਨੀ ਮਨੁ ਥਾਂਦਰਾਂ ਨੇ 'ਰੇਡੀਓਲੋਜੀਕਲ ਐਮਰਜੈਂਸੀ ਵਿਚ ਪੈਰਾਮੈਡਿਕਸ ਦੀ ਭੂਮਿਕਾ' ਵਿਸ਼ੇ 'ਤੇ ਸੰਬੋਧਨ ਕਰਦੇ ਹੋਏ ਰੇਡੀਏਸ਼ਨ ਸੁਰੱਖਿਆ, ਆਫ਼ਤ ਪ੍ਰਬੰਧਨ, ਮਰੀਜ਼ਾਂ ਦੀ ਸੁਰੱਖਿਅਤ ਨਿਕਾਸੀ ਤੇ ਐਮਰਜੈਂਸੀ ਰਿਸਪਾਂਸ ਸਿਸਟਮ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮਿਨਰਵਾ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਜੇ.ਐਸ. ਪਟਿਆਲ, ਡੀਨ ਅਕਾਦਮਿਕ ਪ੍ਰੋ: ਬੀ.ਡੀ. ਸ਼ਰਮਾ ਤੇ ਮਿਨਰਵਾ ਕਾਲਜ ਆਫ ਫਾਰਮੇਸੀ ਦੇ ਪਿ੍ੰਸੀਪਲ ਨੇ ਦੋਵੇਂ ਵਿਸ਼ੇਸ਼ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ |