ਗੁਰਦਾਸਪੁਰ, 24 ਮਈ (ਪੰਕਜ ਸ਼ਰਮਾ)-ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਕਾਈ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ: ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਮੈਂਬਰਸ਼ਿਪ ਕਰਨ ਤੇ ਸਭਾ ਦਾ ਜ਼ਿਲ੍ਹਾ ਇਜਲਾਸ ਕਰਕੇ ਚੋਣ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਇਹ ਵੀ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 9 ਜੂਨ 2026 ਨੂੰ ਕਾਮਰੇਡ ਅਮਰੀਕ ਸਿੰਘ ਜਿਹੜੇ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਕਾਈ ਦੇ ਆਗੂ ਵੀ ਸਨ, ਦੀ ਬਰਸੀ ਪਿੰਡ ਪਨਿਆੜ (ਗਾਂਧੀਆਂ) ਵਿਖੇ ਮਨਾਈ ਜਾ ਰਹੀ ਹੈ, ਇਸ 'ਚ ਸ਼ਮੂਲੀਅਤ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਕਾਮਰੇਡ ਅਮਰੀਕ ਸਿੰਘ ਅੱਤਵਾਦ ਸਮੇਂ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਸਮੇਂ ਸ਼ਹੀਦ ਹੋ ਗਏ ਸਨ | ਇਕ ਮਤੇ ਰਾਹੀਂ ਪੰਜਾਬ 'ਚ ਸੰਘਰਸ਼ ਕਰ ਰਹੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ ਨੂੰ ਪੁਲਿਸ ਰਾਹੀਂ ਦਬਾਉਣ ਦੀ ਨੀਅਤ ਦੀ ਨਿਖੇਧੀ ਕੀਤੀ ਗਈ | ਮੀਟਿੰਗ 'ਚ ਅਸ਼ਵਨੀ ਕੁਮਾਰ, ਅਮਰਜੀਤ ਸ਼ਾਸਤਰੀ, ਅਮਰਜੀਤ ਸਿੰਘ ਮਨੀ, ਹਰਭਜਨ ਸਿੰਘ ਮਾਂਗਟ, ਗੁਰਦਿਆਲ ਸਿੰਘ ਬਾਲਾ ਪਿੰਡੀ, ਡਾ: ਅਸ਼ੋਕ ਭਾਰਤੀ, ਸੁਰਿੰਦਰ ਸਿੰਘ ਕੋਠੇ, ਅਮਰ ਕ੍ਰਾਂਤੀ ਅਤੇ ਰੂਪ ਸਿੰਘ ਆਦਿ ਹਾਜ਼ਰ ਸਨ |