ਪਠਾਨਕੋਟ, 30 ਮਈ (ਸੰਧੂ)-ਆਦਰਸ਼ ਭਾਰਤੀ ਵਿਦਿਆਲਿਆ ਵਿਖੇ ਹਿੰਦੀ ਪੱਤਰਕਾਰਤਾ ਦਿਵਸ ਦੇ 200 ਸਾਲ ਪੂਰੇ ਹੋਣ 'ਤੇ ਪਿ੍ੰਸੀਪਲ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪੱਤਰਕਾਰ, ਰੰਗਕਰਮੀ, ਸਿੱਖਿਆਵਿਦ ਅਤੇ ਸਾਹਿੱਤਕਾਰ ਡਾ: ਮਨੂ ਸ਼ਰਮਾ ਮੁੱਖ ਵਕਤਾ ਵਜੋਂ ਸ਼ਾਮਲ ਹੋਏ | ਡਾ: ਮਨੂ ਸ਼ਰਮਾ ਨੇ ਕਿਹਾ ਕਿ ਹਿੰਦੀ ਪੱਤਰਕਾਰਤਾ ਦਾ 200 ਸਾਲਾ ਦਾ ਸਫ਼ਰ ਕੇਵਲ ਖ਼ਬਰਾਂ ਦੇ ਆਦਾਨ-ਪ੍ਰਦਾਨ ਦਾ ਇਤਿਹਾਸ ਨਹੀਂ, ਸਗੋਂ ਭਾਰਤ ਦੇ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਜਾਗਰਨ ਦਾ ਦਰਪਣ ਹੈ | ਉਨਾਂ ਦੱਸਿਆ ਕਿ 30 ਮਈ 1826 ਨੂੰ ਪੰਡਿਤ ਜੁਗਲ ਕਿਸ਼ੋਰ ਸ਼ੁਕਲ ਵਲੋਂ ਪ੍ਰਕਾਸ਼ਿਤ 'ਉਦੰਤ ਮਾਰਤੰਡ' ਨਾਲ ਹਿੰਦੀ ਪੱਤਰਕਾਰਤਾ ਦੀ ਸ਼ੁਰੂਆਤ ਹੋਈ ਸੀ ਜੋ ਅੱਜ ਡਿਜੀਟਲ ਯੁੱਗ ਵਿਚ ਵਿਸ਼ਾਲ ਮੰਚ ਦਾ ਰੂਪ ਧਾਰ ਚੁੱਕੀ ਹੈ | ਪਿ੍ੰਸੀਪਲ ਵਿਜੇ ਸ਼ਰਮਾ ਨੇ ਡਾ: ਮਨੂ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਵਿਦਿਆਰਥੀਆਂ ਨੂੰ ਹਿੰਦੀ ਪੱਤਰਕਾਰਤਾ ਦੇ ਇਤਿਹਾਸ ਅਤੇ ਮਹੱਤਵ ਬਾਰੇ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ | ਅੰਤ ਵਿਚ ਵਿਦਿਆਲਿਆ ਵਲੋਂ ਡਾ: ਮਨੂ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ |