ਗੁਰਦਾਸਪੁਰ, 1 ਜੂਨ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਕਲੀਚਪੁਰ ਵਿਖੇ ਤਿੰਨ ਕਿਸਾਨਾਂ ਦੀਆਂ ਪੰਜ ਮੋਟਰਾਂ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਦੋਂ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵਲੋਂ ਵੱਖ-ਵੱਖ ਮੰਦਿਰਾਂ 'ਚ ਚੋਰੀਆਂ ਨੰੂ ਅੰਜਾਮ ਦਿੱਤਾ ਗਿਆ ਹੈ | ਇਸ ਚੋਰੀ ਨਾਲ ਕਿਸਾਨਾਂ ਦਾ ਲਗਭਗ 50 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ | ਪਿੰਡ ਕਲੀਚਪੁਰ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਉਂਕਾਰ ਸਿੰਘ ਦੀ ਹਵੇਲੀ 'ਚੋਂ ਪੱਠੇ ਕੁਤਰਨ ਵਾਲੀ ਬਿਜਲੀ ਦੀ ਮੋਟਰ, ਪ੍ਰੇਮ ਸਿੰਘ ਫ਼ੌਜੀ ਤੇ ਨਾਨਕੋ ਪਤਨੀ ਮੱਖਣ ਸਿੰਘ ਦੀ ਹਵੇਲੀ 'ਚੋਂ ਇਕ-ਇਕ ਨਲਕੇ ਦੀ ਮੋਟਰ ਤੋਂ ਇਲਾਵਾ ਪੱਠੇ ਕੁਤਰਨ ਵਾਲੀ ਬਿਜਲੀ ਦੀ ਮੋਟਰ ਚੋਰੀ ਕੀਤੀ ਗਈ ਹੈ | ਸਰਪੰਚ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਲੀਚਪੁਰ ਦੇ ਨੇੜੇ ਤੇੜੇ ਚੋਰੀ ਦੀਆਂ ਘਟਨਾਵਾਂ 'ਚ ਕਾਫ਼ੀ ਵਾਧਾ ਹੋਇਆ ਹੈ | ਪਰ ਅਜੇ ਤੱਕ ਸ਼ਾਲਾ ਪੁਲਿਸ ਕਿਸੇ ਵੀ ਚੋਰ ਨੰੂ ਨਹੀਂ ਫੜ ਸਕੀ | ਜਿਸ ਨਾਲ ਪਿੰਡ ਵਾਸੀ ਆਪਣੇ ਆਪ ਨੰੂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਚੋਰੀ ਦੀਆਂ ਘਟਨਾਵਾਂ ਦੀ ਸੂਚਨਾ ਥਾਣਾ ਪੁਰਾਣਾ ਸ਼ਾਲਾ ਨੰੂ ਦੇ ਦਿੱਤੀ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਚੋਰਾਂ ਨੰੂ ਕਾਬੂ ਕਰਕੇ ਇਨਸਾਫ਼ ਦਿੱਤਾ ਜਾਵੇ |