ਪਠਾਨਕੋਟ, 26 ਜੂਨ (ਵਿਨੋਦ)-ਪੰਜਾਬ ਰਾਜ ਟਰੇਡ ਕਮਿਸ਼ਨ ਦੀ ਹਫਤਾਵਾਰੀ ਸਮੀਖਿਆ ਮੀਟਿੰਗ ਡਿਪਟੀ ਕਮਿਸ਼ਨਰ ਡਾ: ਪੱਲਵੀ ਦੀ ਪ੍ਰਧਾਨਗੀ ਹੇਠ ਡੀ.ਸੀ. ਕੰਪਲੈਕਸ ਪਠਾਨਕੋਟ ਵਿਖੇ ਹੋਈ। ਮੀਟਿੰਗ ਵਿਚ ਐਸ.ਡੀ.ਐਮ. ਸ਼ੰਕਰ ਸ਼ਰਮਾ, ਏ.ਡੀ.ਸੀ. ਵਿਕਾਸ ਵੜੈਚ, ਪੁਲਿਸ ਸੁਪਰਡੈਂਟ ਮਨੋਜ ਠਾਕੁਰ ਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ। ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਪੁਲਿਸ ਵਿਭਾਗ, ਮਾਲ ਵਿਭਾਗ, ਰਣਜੀਤ ਸਾਗਰ ਪ੍ਰੋਜੈਕਟ ਵਿਭਾਗ, ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਜੀ.ਐਸ.ਟੀ. ਵਿਭਾਗ, ਨਗਰ ਨਿਗਮ, ਪੀ.ਐਸ.ਪੀ.ਸੀ.ਐਲ., ਪਾਣੀ ਤੇ ਸੈਨੀਟੇਸ਼ਨ ਵਿਭਾਗ ਅਤੇ ਕਈ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਮੀਟਿੰਗ ਦੌਰਾਨ ਵਪਾਰੀਆਂ ਦੇ ਵੱਖ-ਵੱਖ ਮੁੱਦਿਆਂ ਅਤੇ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਵਪਾਰੀਆਂ ਨਾਲ ਸਬੰਧਿਤ ਲੰਬਿਤ ਮਾਮਲਿਆਂ ਦਾ ਤੁਰੰਤ ਹੱਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਵਪਾਰਕ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਜਾਰੀ ਰਹਿ ਸਕਣ। ਇਸ ਮੌਕੇ ਪੰਜਾਬ ਰਾਜ ਵਪਾਰ ਕਮਿਸ਼ਨ ਦੇ ਚੇਅਰਮੈਨ ਡਾ. ਅਨਿਲ ਭਾਰਦਵਾਜ, ਸੂਬਾ ਮੈਂਬਰ ਧਰਮਿੰਦਰ ਸਿੰਘ ਸ਼ੇਰੂ, ਜ਼ਿਲ੍ਹਾ ਪ੍ਰਧਾਨ ਵਿਕਾਸ ਸੈਣੀ, ਕਮਿਸ਼ਨ ਦੇ ਮੈਂਬਰ ਯੋਗਰਾਜ, ਸੂਰਜ, ਰਾਜਵੀਰ ਜਸਵਾਲ, ਅਨਿਲ ਕੁਮਾਰ (ਸੁਜਾਨਪੁਰ), ਸੁਜਾਨਪੁਰ ਹਲਕਾ ਚੇਅਰਮੈਨ ਮੁਕੇਸ਼ ਲਵਲੀ ਅਤੇ ਤਿਲਕ ਧੀਮਾਨ (ਪਠਾਨਕੋਟ ਹਲਕਾ ਚੇਅਰਮੈਨ) ਵੀ ਮੌਜੂਦ ਸਨ।ਆਪਣੇ ਸੰਬੋਧਨ ਵਿਚ ਜ਼ਿਲ੍ਹਾ ਚੇਅਰਮੈਨ ਡਾ. ਅਨਿਲ ਭਾਰਦਵਾਜ ਨੇ ਕਿਹਾ ਕਿ ਪੰਜਾਬ ਰਾਜ ਵਪਾਰ ਕਮਿਸ਼ਨ ਸਰਕਾਰ ਅਤੇ ਵਪਾਰੀਆਂ ਵਿਚਕਾਰ ਇਕ ਮਜ਼ਬੂਤ ਪੁਲ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਪਾਰੀ ਜਿਸ ਨੂੰ ਕੋਈ ਸਮੱਸਿਆ ਆ ਰਹੀ ਹੈ, ਉਹ ਸਿੱਧੇ ਤੌਰ ‘ਤੇ ਕਮਿਸ਼ਨ ਨੂੰ ਸੰਪਰਕ ਕਰ ਸਕਦਾ ਹੈ। ਜਿਸ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਂਦਾ ਹੈ ਅਤੇ ਭਵਿੱਖ ਵਿਚ ਵੀ ਜਾਰੀ ਰਹੇਗਾ। ਪੰਜਾਬ ਰਾਜ ਵਪਾਰ ਕਮਿਸ਼ਨ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ।