ਕਾਹਨੂੰਵਾਨ, 27 ਜੂਨ (ਨਿਸ਼ਾਨ ਸਿੰਘ ਚਾਹਲ)-ਗਰਮੀ ਅਤੇ ਸੂਰਜ ਦੀ ਤੇਜ਼ ਤਪਸ ਦੌਰਾਨ ਚੱਲ ਰਹੇ ਝੋਨੇ ਦੀ ਲਵਾਈ ਦੇ ਸੀਜਨ ਦਰਮਿਆਨ ਬਿਜਲੀ ਦੇ ਲੱਗ ਰਹੇ ਲੰਬੇ ਕੱਟ ਅਤੇ ਕਮਜ਼ੋਰ ਮੌਨਸੂਨ ਇਸ ਵਾਰ ਕਿਸਾਨਾਂ ਦੇ ਪਸੀਨੇ ਛੁਡਵਾਏਗਾ। ਹਾਲਾਂਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਸੈਕਟਰ ਲਈ 3 ਫ਼ੇਸ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਦੇ ਉਲਟ ਕਿਸਾਨਾਂ ਨੂੰ 8 ਘੰਟੇ ਦੀ ਥਾਂ ਕੇਵਲ 4 ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾਂ ਵਲੋਂ ਪਹਿਲਾਂ ਬੀਜੀ ਗਈ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਅੱਤ ਦੀ ਇਸ ਗਰਮੀ ਦੇ ਮੌਸਮ ਦੌਰਾਨ ਕੇਵਲ 4 ਘੰਟੇ ਹੀ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਵਲੋਂ ਪਹਿਲਾਂ ਬੀਜੇ ਗਏ ਝੋਨੇ ਦੀ ਫ਼ਸਲ ਨੂੰ ਸੋਕੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦੇ ਰਹਿੰਦੇ ਕੰਮ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ। ਪੰਜਾਬ ਵਿਚ ਤਿੰਨ ਫ਼ੇਸ ਬਿਜਲੀ ਕੱਟ ਲੱਗਣ ਬਾਰੇ ਜਦੋਂ ਪੰਜਾਬ ਪਾਵਰਕਾਮ ਦੇ ਇਕ ਸੀਨੀਅਰ ਅਧਿਕਾਰੀ ਦਾ ਪੱਖ ਜਾਣਿਆ ਤਾਂ ਉਨ੍ਹਾਂ ਨੇ ਆਪਣਾ ਨਾਂਅ ਖ਼ਬਰ ਵਿਚ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਬਿਜਲੀ ਸੰਕਟ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਪਾਵਰਕਾਮ ਵਲੋਂ ਠੇਕਾ ਅਧਾਰਤ ਪ੍ਰਣਾਲੀ ਦੇ ਤਹਿਤ ਰੱਖੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਦੇ ਚਲਦਿਆਂ ਸਰਕਾਰੀ ਤਾਪ ਘਰ ਲਹਿਰਾ ਮੁਹੱਬਤ ਅਤੇ ਗੋਇੰਦਵਾਲ ਸਾਹਿਬ ਬਿਜਲੀ ਤਾਪ ਘਰ ਤੋਂ ਬਿਜਲੀ ਉਤਪਾਦਨ ਲਗਪਗ ਠੱਪ ਪਿਆ ਹੈ ਅਤੇ ਬਾਕੀ ਤਾਪ ਘਰ ਓਵਰਲੋਡ ਚੱਲ ਰਹੇ ਹਨ। ਇਸ ਕਰ ਕੇ ਆਉਣ ਵਾਲੇ ਦਿਨਾਂ ਦੇ ਵਿਚ ਜੇ ਬਾਰਸ਼ ਨਾ ਹੋਈ ਤਾਂ ਬਿਜਲੀ ਸੰਕਟ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ। ਕਿਸਾਨ ਆਗੂ ਰਣਜੀਤ ਸਿੰਘ, ਗੁਰਦੇਵ ਸਿੰਘ, ਸਵਿੰਦਰ ਸਿੰਘ ਬਖ਼ਤਪੁਰ, ਗੁਰਪ੍ਰੀਤ ਸਿੰਘ ਬਖ਼ਤਪੁਰ, ਗੁਰਮੁਖ ਸਿੰਘ ਰਾਮਪੁਰ, ਕਸ਼ਮੀਰ ਸਿੰਘ ਜਾਫ਼ਲਪੁਰ, ਗਨੇਸ਼ ਸਿੰਘ ਡੱਲਾ ਗੋਰੀਆਂ ਅਤੇ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਕਰਵਾਰ ਨੂੰ ਕੇਵਲ ਚਾਰ ਘੰਟੇ ਹੀ ਤਿੰਨ ਫ਼ੇਸ ਬਿਜਲੀ ਸਪਲਾਈ ਮਿਲੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਵਿਚ ਕਟੌਤੀ ਕਰਨ ਦੇ ਨਾਲ ਉਨ੍ਹਾਂ ਦੀ ਪਹਿਲਾਂ ਬੀਜੀ ਝੋਨੇ ਦੀ ਫਸਲ ਪਾਣੀ ਦੀ ਘਾਟ ਕਾਰਨ ਸੁੱਕ ਰਹੀ ਹੈ ਅਤੇ ਬਾਕੀ ਫਸਲਾਂ ਵੀ ਪਾਣੀ ਨਾ ਮਿਲਣ ਕਾਰਨ ਝੁਲਸ ਰਹੀਆਂ ਹਨ। ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ ਨਹੀਂ ਤਾਂ ਕਿਸਾਨ ਸਰਕਾਰ ਦੇ ਖ਼ਿਲਾਫ਼ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਜਦੋਂ ਪਾਵਰਕਾਮ ਦੇ ਐਸ.ਸੀ. ਸ੍ਰੀ ਅਮਿਤ ਸ਼ਰਮਾ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਬਾਰੇ ਪਾਵਰਕਾਮ ਦੀ ਮੈਨੇਜਮੈਂਟ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇ।