ਖ਼ੁਦ ਭਗੌੜੇ ਹੋਏ ਲੋਕ ਸੰਗਤਾਂ ਨੂੰ ਅਕਾਲ ਤਖ਼ਤ ਦੇ ਹੁਕਮ ਮੰਨਣ ਦੀ ਕਰ ਰਹੇ ਹਨ ਤਾਕੀਦ-ਗਿਆਨੀ ਹਰਪ੍ਰੀਤ ਸਿੰਘ ਕਿਹਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੋਸਟਰ ਵਾਰ ’ਤੇ ਲਗਾਉਣੀ ਚਾਹੀਦੀ ਰੋਕ
ਅਜੀਤ ਡੈਸਕ
28-06-2026
ਸ਼੍ਰ੍ਰੋੋਮਣੀ ਕਮੇਟੀ ਵਲੋਂ ਮੁੱਖ ਮੰਤਰੀ ਵਿਰੁੱਧ ਜਥੇਦਾਰਾਂ ਦੇ ਆਦੇਸ਼ ਵਾਲੇ ਲਗਵਾਏ ਜਾ ਰਹੇ ਫਲੈਕਸ ਬੋਰਡਾਂ ਅਤੇ ਕਈ ਥਾਈ ਸਰਕਾਰ ਸਮਰਥਕਾਂ ਵਲੋਂ ਵੀ ਲਗਾਏ ਜਾ ਰਹੇ ਜਵਾਬੀ ਬੋਰਡਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਵਿਚ ਖਾਨਾਜੰਗੀ ਤੇ ਧੜੇਬੰਦੀ ਦਾ ਮਾਹੌਲ ਬਣ ਰਿਹਾ ਤੇ ਅਕਾਲ ਤਖ਼ਤ ਸਾਹਿਬ ਵਲੋਂ ਇਸ ਪੋਸਟਰ ਵਾਰ ਸੰਬੰਧੀ ਤੁਰੰਤ ਐਕਸ਼ਨ ਲੈ ਕੇ ਬੋਰਡ ਲਗਾਉਣੋ ਰੋਕਿਆ ਜਾਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਦੀ ਗੋਲਕ ਦਾ ਪੈਸਾ ਖਰਚ ਕਰਕੇ ਬੋਰਡ ਲਗਵਾਏ ਜਾ ਰਹੇ ਹਨ । ਅਕਾਲ ਤਖ਼ਤ ਸਾਹਿਬ, ਸ਼ੋਮਣੀ ਕਮੇਟੀ ਤੇ ਪੰਜਾਬ ਸਰਕਾਰ ਦਰਮਿਆਨ ਪੈਦਾ ਹੋਏ ਟਕਰਾਅ ਸੰਬੰਧੀ ਉਨ੍ਹਾਂ ਕਿਹਾ ਕਿ ਸਟੇਟ ਦਾ ਫਰਜ਼ ਹੈ ਕਿ ਉਹ ਧਾਰਮਿਕ ਸੰਸਥਾਵਾਂ ਨਾਲ ਟਕਰਾਅ ਵਿਚ ਨਾ ਪਵੇ ਤੇ ਧਾਰਮਿਕ ਸੰਸਥਾਵਾਂ ਦਾ ਫਰਜ਼ ਹੈ ਕਿ ਉਹ ਸਟੇਟ ਦੇ ਨਾਲ ਕਾਨੂੰਨੀ ਤੌਰ ’ਤੇ ਕਿਸੇ ਟਕਰਾਅ ਵਿਚ ਨਾ ਪੈਣ । ਜੇਕਰ ਸਾਨੂੰ ਲੱਗਦਾ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਸਹੀ ਕਾਨੂੰਨ ਨਹੀਂ ਬਣਾ ਰਹੀ ਤਾਂ ਜਥੇਦਾਰ ਸਾਹਿਬ ਨੂੰ ਇਕ ਮੁਹਿੰਮ ਛੇੜਨੀ ਚਾਹੀਦੀ ਹੈ ਤੇ ਲੋਕਾਂ ਦੇ ਵਿਚ ਜਾਣਾ ਚਾਹੀਦਾ ਹੈ, ਪਰ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਈ. ਟੀ. ਵਿੰਗ ਅੱਜ ਜਥੇਦਾਰ ਨੂੰ ਟਰੋਲ ਕਰ ਰਿਹਾ ਹੈ, ਜੋ ਮਾੜੀ ਗੱਲ ਹੈ, ਪਰ ਇਸਦੀ ਸ਼ੁਰੂਆਤ ਅਕਾਲੀ ਦਲ ਬਾਦਲ ਨੇ ਹੀ ਕੀਤੀ ਸੀ। ਜੇਕਰ ਸਾਡੀ ਨਿੱਜੀ ਪੱਧਰ ’ਤੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਸੀਨੀਅਰ ਅਕਾਲੀ ਆਗੂ ਸਮੇਤ ਹੋਰਨਾਂ ਨੂੰ ਰੋਕਿਆ ਗਿਆ ਹੁੰਦਾ ਤਾਂ ਅੱਜ ਭਗਵੰਤ ਮਾਨ ਜਾਂ ਉਸਦੀ ਪਾਰਟੀ ਦੀ ਜ਼ੁਰੱਅਤ ਨਹੀਂ ਸੀ ਪੈਣੀ ਕਿ ਜਥੇਦਾਰ ਸਾਹਿਬਾਨ ਨੂੰ ਟਰੋਲ ਕੀਤਾ ਜਾਂਦਾ । ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਮਾਮਲਿਆਂ ਦੀ ਗੰਦੀ ਰਾਜਨੀਤੀ ਵਿਚ ਨਹੀਂ ਲਿਆਉਣਾ ਚਾਹੀਦਾ ਤੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਲਈ ਜਿਸ ਕਿਸਮ ਦੀ ਘਟੀਆ ਤੇ ਗੰਦੀ ਰਾਜਨੀਤੀ ਅੱਜ ਦੋ ਪਾਰਟੀਆਂ ਕਰ ਰਹੀਆਂ ਹਨ, ਉਸ ਵਿਚ ਅਕਾਲ ਤਖ਼ਤ ਸਾਹਿਬ ਨੂੰ ਧਿਰ ਨਹੀਂ ਬਣਨਾ ਚਾਹੀਦਾ। ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਸਤਾਵਿਤ ਅੰਮ੍ਰਿਤਸਰ ਫੇਰੀ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਕਿਹਾ ਸੀ ਕਿ 24 ਘੰਟਿਆਂ ਵਿਚ 2015 ਦੇ ਬਰਗਾੜੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ ਤੇ ਹੁਣ ਕੇਜਰੀਵਾਲ ਪੰਜਾਬੀਆਂ ਨੂੰ ਦੱਸਣ ਕਿ ਬਰਗਾੜੀ ਕਾਂਡ ਦੇ ਦੋਸ਼ੀ ਕਿੱਥੇ ਨੇ।
ਉਨ੍ਹਾਂ ਕਿਹਾ ਕਿ ‘ਆਪ’ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਬੀਬੀਆਂ ਨੂੰ 1000 -1500 ਰੂਪਏ ਦੇਣ ਦਾ ਜੋ ਵਾਅਦਾ ਕੀਤਾ, ਉਸ ਨੂੰ ਸਾਢੇ ਚਾਰ ਸਾਲ ਬਾਅਦ ਆਉਂਦੀਆਂ ਚੋਣਾਂ ਤੋਂ ਪਹਿਲਾਂ ਪੂਰਾਂ ਕਰਨ ਲਈ ‘ਆਪ’ ਸਰਕਾਰ ਨੇ ਪਹਿਲਾਂ 1500 ਕਰੋੜ ਦਾ ਕਰਜ਼ਾ ਲਿਆ ਤੇ ਹੁਣ 15 ਹਜਾਰ ਕਰੋੜ ਦਾ ਕਰਜ਼ਾ ਹੋਰ ਲੈਣ ਜਾ ਰਹੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਇਹ ਪੰਜਾਬ ਤੇ ਪੰਜਾਬੀਆਂ ਸਿਰ ਚਾੜੇ ਜਾ ਰਹੇ ਕਰਜ਼ੇ ਦਾ ਸਰਕਾਰੀ ਪੈਸਾ ਆਮ ਆਦਮੀ ਪਾਰਟੀ ਤੇ ਸਰਕਾਰ ਦੀ ਚੋਣ ਮੁਹਿੰਮ ਵਿਚ ਵਰਤਿਆ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਪੰਥਕ ਏਕਤਾ ਹੈ ਤੇ ਸਾਡੇ ਦਰਵਾਜ਼ੇ ਪੰਥਕ ਏਕਤਾ ਲਈ ਹਮੇਸ਼ਾਂ ਖੁੱਲੇ ਹਨ। ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਜਲਦ ਕਰਾਉਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਅਕਾਲੀ ਦਲ (ਬਾਦਲ) ਨਾਲ ਮਿਲੀ ਹੋਈ ਹੈ, ਇਸੇ ਲਈ ਲੰਬੇ ਸਮੇਂ ਤੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਰਪ੍ਰਤਾਪ ਸਿੰਘ ਵਡਾਲਾ (ਸਕੱਤਰ ਜਨਰਲ), ਬੀਬੀ ਜਗੀਰ ਕੌਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਪਰਮਪਾਲ ਸਿੰਘ ਸਭਰਾ, ਮਾ. ਮਿੱਠੂ ਸਿੰਘ ਕਾਹਨੇਕੇ, ਜਸਵੰਤ ਸਿੰਘ ਪੁੜੈਣ, ਜਥੇ: ਅਮਰੀਕ ਸਿੰਘ ਸ਼ਾਹਪੁਰ, ਰਾਮਪਾਲ ਸਿੰਘ ਬੈਹਣੀਵਾਲ, ਹਰਦੇਵ ਸਿੰਘ ਰੋਗਲਾ, ਮਨਜੀਤ ਸਿੰਘ ਬੱਪੀਆਣਾ, ਮਲਕੀਤ ਸਿੰਘ ਚੰਗਾਲ, ਤੇਜਾ ਸਿੰਘ ਕਾਮਲਪੁਰ, ਇੰਦਰਪ੍ਰੀਤ ਸਿੰਘ ਈਸਾਪੁਰ, ਹਰਬੰਸ ਸਿੰਘ ਮੰਝਪੁਰ, ਜਗਜੀਤ ਸਿੰਘ ਕੋਹਲੀ, ਅਜੇਪਾਲ ਸਿੰਘ ਮੀਰਾਂਕੋਟ, ਮਧੂਪਾਲ ਸਿੰਘ ਗੋਗਾ, ਸਤਪਾਲ ਸਿੰਘ ਵਡਾਲੀ, ਮਨਿੰਦਰ ਸਿੰਘ ਧੁੰਨਾ, ਦਲਜਿੰਦਰ ਸਿੰਘ ਵਿਰਕ ਸਮੇਤ ਹੋਰ ਆਗੂ ਵੀ ਹਾਜ਼ਰ ਸਨ।