ਧਾਰੀਵਾਲ, 30 ਜੂਨ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਬੰਦੇਸ਼ਾ ਵਿਚ ਸਥਿਤ ਛੱਪੜ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਥੋੜੀ ਜਿਹੀ ਬਰਸਾਤ ਆ ਜਾਣ ’ਤੇ ਗੰਦਾ ਪਾਣੀ ਗਲੀਆਂ ਵਿਚ ਆ ਖੜਾ ਹੁੰਦਾ ਹੈ। ਇਸ ਪ੍ਰੇਸ਼ਾਨੀ ਨੂੰ ਲੈ ਕੇ ਪਿੰਡ ਦੇ ਹੀ ਵੀਰ ਸਿੰਘ ਤੇ ਮੰਗਲ ਸਿੰਘ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਦੱਸਿਆ ਕਿ ਉਨ੍ਹਾਂ ਪਿੰਡ ਵਿਚ ਸਥਿਤ ਛੱਪੜ ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਨਾ ਹੀ ਗੰਦੇ ਪਾਣੀ ਦਾ ਕੋਈ ਨਿਕਾਸ ਹੈ। ਛੱਪੜ ਛੋਟਾ ਹੋਣ ਕਰਕੇ ਥੋੜੀ ਜਿਹੀ ਬਰਸਾਤ ਆਉਣ ’ਤੇ ਝੱਟ-ਪੱਟ ਗੰਦਾ ਪਾਣੀ ਗਲੀਆਂ ਵਿਚ ਆ ਖੜਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੰਚਾਇਤੀ ਛੱਪੜ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਪਿੰਡ ਵਾਸੀਆਂ ਨੂੰ ਰਾਹਤ ਦਿਵਾਈ ਜਾਵੇ। ਇਸ ਸਬੰਧ ’ਚ ਜਦੋਂ ਪਿੰਡ ਬੰਦੇਸ਼ਾ ਦੇ ਸਰਪੰਚ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦਾ ਛੱਪੜ ਜੋ ਕਿ ਲਗਭਗ 7 ਏੇਕੜ ਦਾ ਸੀ, ਪਰ ਨਾਜਾਇਜ਼ ਕਬਜ਼ਿਆਂ ਕਰ ਕੇ ਕੇਵਲ ਢਾਈ-ਤਿੰਨ ਏਕੜ ਦਾ ਹੀ ਰਹਿ ਗਿਆ ਹੈ। ਸਰਪੰਚ ਨੇ ਕਿਹਾ ਕਿ ਉਹ ਖੁਦ ਵੀ ਦੁਖੀ ਹਨ ਤੇ ਜਲਦ ਹੀ ਮਤਾ ਪਾ ਕੇ ਅਧਿਕਾਰੀਆਂ ਨੂੰ ਕਬਜ਼ੇ ਛੁਡਵਾਉਣ ਲਈ ਦਿੱਤਾ ਜਾਵੇਗਾ।