ਗੁਰਦਾਸਪੁਰ, 7 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਆਸ-ਪਾਸ ਪਿੰਡਾਂ ’ਚ ਬੇਸਹਾਰਾ ਕੁੱਤਿਆਂ ਦੀ ਭਰਮਾਰ ਹੋਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ, ਕਿਉਂਕਿ ਜੋ ਅਵਾਰਾ ਕੁੱਤਿਆਂ ਵਲੋਂ ਛੋਟੇ ਬੱਚਿਆਂ ਤੇ ਪਸ਼ੂਆਂ ਦੇ ਛੋਟੇ ਬਰਸੂਟਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਲੋਕ ਕਾਫ਼ੀ ਦੁਖੀ ਹਨ। ਇਸੇ ਤਰ੍ਹਾਂ ਪਿੰਡ ਬਥਵਾਲਾ ਨਜ਼ਦੀਕ ਸੰਗਤਪੁਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਜਾ ਰਹੇ ਇਕ ਵਿਅਕਤੀ ਨੂੰ ਚੁੱਪ ਚਪੀਤੇ ਕੁੱਤੀ ਨੇ ਕੱਟ ਲਿਆ। ਜਾਣਕਾਰੀ ਦਿੰਦੇ ਹੋਏ ਪੀੜਤ ਨਸੀਬ ਸਿੰਘ ਪੁੱਤਰ ਸੁਖਦੇਵ ਸਿੰਘ ਹਯਾਤਨਗਰ ਕਾਲੋਨੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸੰਗਤਪੁਰਾ ਬਥਵਾਲਾ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਇਕ ਕੁੱਤੀ ਨੇ ਅਚਾਨਕ ਉਸ ֹ’ਤੇ ਹਮਲਾ ਕਰ ਦਿੱਤਾ। ਅਵਾਰਾ ਕੁੱਤੀ ਵਲੋਂ ਜ਼ੋਰ ਨਾਲ ਕੱਟਣ ’ਤੇ ਨਸੀਬ ਸਿੰਘ ਦੇ ਕਾਫ਼ੀ ਜ਼ਖਮ ਹੋ ਗਿਆ ਤੇ ਉਸ ਨੇ ਨਜ਼ਦੀਕੀ ਮੈਡੀਕਲ ਸਟੋਰ ਤੋਂ ਪੱਟੀ ਕਰਵਾਈ। ਜਿਸ ਤੋਂ ਬਾਅਦ ਖ਼ੂਨ ਬੰਦ ਹੋਇਆ। ਨਸੀਬ ਸਿੰਘ ਨੇ ਦੱਸਿਆ ਕਿ ਉਹ ਹੁਣ ਲਗਾਤਾਰ ਟੀਕੇ ਲਗਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਤੀ ਦੇ ਕੱਟਣ ਨਾਲ ਉਨ੍ਹਾਂ ਦਾ ਕੰਮਕਾਜ਼ ਕਾਫ਼ੀ ਪ੍ਰਭਾਵਿਤ ਹੋਇਆ ਹੈ, ਕਿਉਂਕਿ ਲੱਤ ’ਤੇ ਕੱਟਣ ਨਾਲ ਉਨ੍ਹਾਂ ਦਾ ਚੱਲਣਾ ਔਖਾ ਹੋ ਚੁੱਕਾ ਹੈ। ਨਸੀਬ ਸਿੰਘ ਨੇ ਦੱਸਿਆ ਕਿ ਜੇਕਰ ਉਹ ਹੌਲੀ ਨਾ ਹੁੰਦੇ ਤਾਂ ਉਨ੍ਹਾਂ ਦੇ ਹੋਰ ਵੀ ਜ਼ਿਆਦਾ ਸੱਟ ਲੱਗ ਸਕਦੀ ਸੀ। ਇਸ ਸਬੰਧੀ ਲੋਕਾਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਸ਼ਹਿਰ ਤੇ ਪਿੰਡਾਂ ਅੰਦਰ ਕਾਫ਼ੀ ਜ਼ਿਆਦਾ ਭਰਮਾਰ ਹੈ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਦੇ ਝੁੰਡ ਅਕਸਰ ਹੀ ਕਿਸੇ ਜਾਨਵਰ ਜਾਂ ਫ਼ਿਰ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹਿੰਦੇ ਹਨ, ਪਰ ਸਬੰਧਿਤ ਵਿਭਾਗ ਇਸ ਮਸਲੇ ਦੀ ਕੋਈ ਠੋਸ ਕਾਰਵਾਈ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਸਖ਼ਤ ਆਦੇਸ਼ਾਂ ਦੇ ਬਾਵਜੂਦ ਵੀ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜੋ ਮਨੁੱਖ ਤੇ ਹੋਰ ਜਾਨਵਰਾਂ ਲਈ ਖ਼ਤਰੇ ਦਾ ਸੰਕੇਤ ਹੈ। ਲੋਕਾਂ ਨੇ ਨਗਰ ਕੌਂਸਲ ਗੁਰਦਾਸਪੁਰ ਤੇ ਪਿੰਡਾਂ ਦੀਆਂ ਪੰਚਾਇਤਾਂ ਪਾਸੋਂ ਮੰਗ ਕੀਤੀ ਹੈ ਕਿ ਅਵਾਰਾ ਫ਼ਿਰਦੇ ਕੁੱਤਿਆਂ ਦੇ ਖ਼ਿਲਾਫ਼ ਕੋਈ ਠੋਸ ਕਾਰਵਾਈ ਅਮਲ ’ਚ ਲਿਆਂਦੀ ਜਾਵੇ ਤਾਂ ਜੋ ਕਿਸੇ ਵੇਲੇ ਛੋਟੇ ਬੱਚੇ ਤੇ ਜਾਨਵਰ ਇੰਨ੍ਹਾਂ ਦਾ ਸ਼ਿਕਾਰ ਨਾ ਹੋ ਸਕਣ।
ਅਵਾਰਾ ਕੁੱਤੇ ਨੇ ਰਸਤੇ ’ਚ ਜਾਂਦੇ ਇਕ ਵਿਅਕਤੀ ਨੂੰ ਕੱਟਿਆ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ
ਅਜੀਤ ਡੈਸਕ
08-07-2026