ਗੁਰਦਾਸਪੁਰ, 7 ਜੁਲਾਈ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਦੀ ਬਟਾਲਾ ਰੋਡ ਸਥਿਤ ਪੁੱਡਾ ਅਰਬਨ ਐਸਟੇਟ ਕਾਲੋਨੀ ਵੈਲਫੇਅਰ ਸੁਸਾਇਟੀ ਵਲੋਂ ਜਨਰਲ ਇਜਲਾਸ ਕਰਵਾਇਆ ਗਿਆ। ਇਜਲਾਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਹਰਦੇਵ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ, ਸਾਬਕਾ ਅਹੁਦੇਦਾਰਾਂ ਤੇ ਵੱਡੀ ਗਿਣਤੀ ਵਿਚ ਕਾਲੋਨੀ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਕਾਲੋਨੀ ਦੀ ਸੁਰੱਖਿਆ, ਵਿਕਾਸ ਤੇ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਕਈ ਅਹਿਮ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਜਲਾਸ ਤੋਂ ਬਾਅਦ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਹਰਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਕਾਲੋਨੀ ਵਾਸੀ ਲੰਬੇ ਸਮੇਂ ਤੋਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਦੇ ਹੱਲ ਲਈ ਹਾਲ ਹੀ ਵਿਚ ਪੁੱਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲ ਕੇ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਨਰਲ ਇਜਲਾਸ ਦੌਰਾਨ ਕਾਲੋਨੀ ਵਾਸੀਆਂ ਨੇ ਸੁਰੱਖਿਆ ਨੂੰ ਪਹਿਲ ਦੇਣ ਦਾ ਫ਼ੈਸਲਾ ਲੈਂਦਿਆਂ ਮਤਾ ਪਾਸ ਕੀਤਾ ਹੈ ਕਿ ਕਾਲੋਨੀ ਦਾ ਗੇਟ ਨੰਬਰ-1 ਖੁੱਲ੍ਹਾ ਰੱਖਿਆ ਜਾਵੇਗਾ, ਜਦਕਿ ਗੇਟ ਨੰਬਰ-2 ਨੂੰ ਬੰਦ ਕਰ ਦਿੱਤਾ ਜਾਵੇਗਾ, ਤਾਂ ਜੋ ਕਾਲੋਨੀ ਦੀ ਸਮੁੱਚੀ ਆਵਾਜਾਈ ਇਕੋ ਮੁੱਖ ਗੇਟ ਰਾਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਇਜਲਾਸ ’ਚ ਇਹ ਵੀ ਮਤਾ ਪਾਸ ਕੀਤਾ ਗਿਆ ਹੈ ਕਿ ਮੁੱਖ ਗੇਟ ‘ਤੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ ਤੇ ਆਧੁਨਿਕ ਸੈਂਸਰ ਆਧਾਰਿਤ ਬੈਰੀਕੇਡ ਲਗਾਏ ਜਾਣਗੇ। ਇਸ ਦੇ ਨਾਲ ਹੀ ਕਾਲੋਨੀ ਨਾਲ ਸਬੰਧਿਤ ਵਾਹਨਾਂ ‘ਤੇ ਪਹਿਚਾਣ ਲਈ ਵਿਸ਼ੇਸ਼ ਸਕੈਨਰ ਲਗਾਏ ਜਾਣਗੇ, ਤਾਂ ਜੋ ਕਾਲੋਨੀ ਵਿਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਅਤੇ ਵਾਹਨ ‘ਤੇ ਪ੍ਰਭਾਵਸ਼ਾਲੀ ਨਿਗਰਾਨੀ ਰੱਖੀ ਜਾ ਸਕੇ ਤੇ ਸ਼ੱਕੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਹਰਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਜਨਰਲ ਇਜਲਾਸ ਵਿਚ ਕਾਲੋਨੀ ਦੀਆਂ ਸੜਕਾਂ ਦੀ ਮੁਰੰਮਤ, ਪਾਰਕਾਂ ਦੀ ਸਾਫ਼-ਸਫ਼ਾਈ, ਬਿਜਲੀ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਮਸਲਿਆਂ ‘ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਕਾਲੋਨੀ ਵਾਸੀਆਂ ਵਲੋਂ ਦਿੱਤੇ ਗਏ ਕਈ ਅਹਿਮ ਸੁਝਾਵਾਂ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਸਾਇਟੀ ਜਨਰਲ ਇਜਲਾਸ ਵਿਚ ਪਾਸ ਕੀਤੇ ਗਏ ਮਤਿਆਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਰਹੇਗੀ ਅਤੇ ਪੁੱਡਾ ਸਮੇਤ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਕਾਲੋਨੀ ਦੇ ਵਿਕਾਸ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਕੰਮ ਕੀਤਾ ਜਾਵੇਗਾ।