ਸ੍ਰੀ ਹਰਿਗੋਬਿੰਦਪੁਰ, 8 ਜੁਲਾਈ (ਕੰਵਲਜੀਤ ਸਿੰਘ ਚੀਮਾ)-ਨਗਰ ਕੌਸਲ ਸ੍ਰੀ ਹਰਿਗੋਬਿੰਦਪੁਰ ਸਾਹਿਬ ’ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਹੈ। ਵਿਧਾਇਕ ਅਮਰਪਾਲ ਸਿੰਘ ਦੀ ਅਗਵਾਈ ਹੇਠ ਦੂਸਰੀ ਵਾਰ ਸ਼ਹਿਰ ਦੇ ‘ਆਪ’ ਵਲੋਂ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਅਹੁਦਾ ਸੰਭਾਲ ਲਿਆ ਹੈ। ਇਥੇ ਹੈਰਾਨਗੀ ਵਾਲੀ ਗੱਲ ਇਹ ਵੇਖਣ ਨੂੰ ਮਿਲੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਦੇ ਧੜੇ ਨਾਲ ਸੰਬਧਿਤ ਸ੍ਰੀ ਹਰਿਗੋਬਿੰਦਪੁਰ ਸ਼ਹਿਰ ਤੋਂ ਉਨ੍ਹਾਂ ਦੇ ਖਾਸਮ-ਖਾਸ ਤੇ ਸ: ਬਾਜਵਾ ਦੇ ਇਸ਼ਾਰੇ ’ਤੇ ਚੱਲਣ ਵਾਲੇ ਟਕਸਾਲੀ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਸਵਾਮੀਪਾਲ ਖੋਸਲਾ ਤੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਨਾਭਾ ਨੇ ਨਵਦੀਪ ਸਿੰਘ ਪੰਨੂੰ ਨੂੰ ਵੋਟਾਂ ਵਿਚ ਜਿਤਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ, ਕਿਉਂਕਿ ਉਸ ਸਮੇਂ ਸ: ਪੰਨੂੰ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਸਨ ਤੇ ਹੁਣ ਪੰਨੂੰ ‘ਆਪ’ ਵਿਚ ਸ਼ਾਮਿਲ ਹੋ ਕੇ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਬਣ ਗਏ ਹਨ। ਇਸ ਲਈ ਜਦੋਂ ਅੱਜ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਅਗਵਾਈ ਹੇਠ ਨਗਰ ਕੌਂਸਲ ਦਾ ਦੂਸਰੀ ਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲ ਕੇ ਸ਼ਹਿਰ ਵਿਚ ਖੁਸ਼ੀ ਦਾ ਇਜ਼ਹਾਰ ਕਰਨ ਲਈ ਪੈਦਲ ਮਾਰਚ ਕੱਢਿਆ ਗਿਆ ਤਾਂ ਸ: ਬਾਜਵਾ ਦੇ ਦੋਵੇਂ ਕਰੀਬੀ ਸਾਥੀ, ਜੋ ਕਿ ਹਲਕੇ ਵਿਚ ਬਾਜਵਾ ਦੀਆਂ ਸੱਜੀਆਂ-ਖੱਬੀਆਂ ਬਾਹਾਂ ਹਨ, ਉਨ੍ਹਾਂ ਨੇ ਵੀ ‘ਆਪ’ ਵਲੋਂ ਪ੍ਰਧਾਨ ਬਣਨ ਦੀ ਰੱਜ ਕੇ ਖੁਸ਼ੀ ਮਨਾਈ ਅਤੇ ਆਪਣੀ ਰੱਜ ਕੇ ਆਓ ਭਗਤ ਵੀ ਕਰਵਾਈ ਤੇ ਵਿਧਾਇਕ ਅਮਰਪਾਲ ਸਿੰਘ ਦਾ ਪੰਨੂੰ ਨੂੰ ਪ੍ਰਧਾਨ ਬਣਾਉਣ ਲਈ ਧੰਨਵਾਦ ਕੀਤਾ ਹੈ। ਇਸ ਲਈ ਜਦੋਂ ਹੋ ਸਕਦਾ ਹੈ, ਨਵਦੀਪ ਸਿੰਘ ਪੰਨੂੰ ਕਾਂਗਰਸ ਪਾਰਟੀ ਵਲੋਂ ਜਿੱਤ ਪ੍ਰਾਪਤ ਕਰਨ ਉਪਰੰਤ ਚੰਡੀਗੜ੍ਹ ਪੁੱਜ ਕੇ ‘ਆਪ’ ਵਿਚ ਸ਼ਾਮਿਲ ਹੋ ਗਏ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਇਕ ਪਾਸੇ ਤਾਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਚ ਕਾਂਗਰਸ ਪਾਰਟੀ ਵਲੋਂ ਆਪਣੇ-ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਰਹੇ ਹਨ, ਪਰ ਸ੍ਰੀ ਹਰਿਗੋਬਿੰਦਪੁਰ ਵਿਧਾਨ ਸਭਾ ਹਲਕੇ ਵਿਚ ਉਨ੍ਹਾਂ ਦੇ ਚਹੇਤੇ ਸਾਥੀ ਹੀ ‘ਆਪ’ ਦਾ ਪ੍ਰਧਾਨ ਬਣਨ ’ਤੇ ਵਿਧਾਇਕ ਦਾ ਵੀ ਧੰਨਵਾਦ ਕਰ ਰਹੇ ਅਤੇ ਪ੍ਰਧਾਨ ਨੂੰ ਮੁਬਾਰਕਬਾਦ ਦੇ ਰਹੇ ਹਨ, ਇਹ ਕਿਸ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਇਥੇ ਹੀ ਬੱਸ ਨਹੀਂ, 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਟਕਸਾਲੀ ਕਾਂਗਰਸੀ ਆਗੂਆਂ ਨੇ ਹੀ ਹਲਕੇ ਵਿਚ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਣ ਵਿਚ ਅਹਿਮ ਰੋਲ ਨਿਭਾਇਆ ਸੀ। ਇਸ ਹਲਕੇ ਵਿਚ ਟਕਸਾਲੀ ਕਾਂਗਰਸੀ ਆਗੂਆਂ ਵਲੋਂ ਆਮ ਆਦਮੀ ਪਾਰਟੀ ਨਾਲ ਪਾਈਆਂ ਜਾ ਰਹੀਆਂ ਪਿਆਰ ਭਰੀਆਂ ਗੱਲ ਵੱਕੜੀਆਂ ਦਾ ਫ਼ਿਲਹਾਲ ਭਾਵੇਂ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ ਹੈ, ਪਰ 2027 ਦੀਆਂ ਚੋਣਾਂ ਵਿਚ ਇਹ ਆਗੂ ਮੁੜ ਆਪਣੀ ਪਾਰਟੀ ਦਾ ਸਾਥ ਦਿੰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ, ਪਰ ਹਾਲ ਦੀ ਘੜ੍ਹੀ ਵਿਚ ਤਾਂ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਬਾਜਵਾ ਦਾ ਧੜਾ ਆਮ ਆਦਮੀ ਪਾਰਟੀ ਨਾਲ ਇਕਮਿਕ ਹੋਇਆ ਨਜ਼ਰ ਆ ਰਿਹਾ ਹੈ।