ਸ੍ਰੀ ਹਰਿਗੋਬਿੰਦਪੁਰ, 10 ਜੁਲਾਈ (ਕੰਵਲਜੀਤ ਸਿੰਘ ਚੀਮਾ)-ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਟਕਸਾਲੀ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਸਵਾਮੀਪਾਲ ਖੋਸਲਾ ਤੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਨਾਭਾ ਨੇ ਬੀਤੇ ਦਿਨੀਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਵਲੋਂ ਚੁਣੇ ਗਏ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਖੁਸ਼ੀ ਵਿਚ ਕੱਢੇ ਗਏ ਰੋਡ ਸ਼ੋਅ ਵਿਚ ਸ਼ਾਮਿਲ ਹੋਣ ’ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਬੀਤੇ ਸਮੇਂ ਦੌਰਾਨ ਨਗਰ ਕੌਂਸਲ ਦੀਆਂ 11 ਵਾਰਡਾਂ ਵਿਚੋਂ ਸ਼ਹਿਰ ਦੀ ਵਾਰਡ ਨੰਬਰ 1, 2, 3,4, 5, 6, 10 ਵਿਚ ਚੋਣਾਂ ਹੋਈਆਂ ਸਨ, ਜਿਸ ਵਿਚ ਕਾਂਗਰਸ ਪਾਰਟੀ ਵਲੋਂ 1, 2, 3, 4, 6 ਵਾਰਡ ਵਿਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ’ਤੇ ਚੋਣ ਲੜ ਰਹੇ ਉਮੀਦਵਾਰਾਂ ਤੋਂ ਇਲਾਵਾ 5 ਅਤੇ 10 ਵਾਰਡ ਵਿਚ ਵੀ, ਜੋ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਸਨ, ਜਿਨ੍ਹਾਂ ਦੀ ਕਾਂਗਰਸ ਪਾਰਟੀ ਦੇ ਧੜ੍ਹੇ ਵਲੋਂ ਹੀ ਮਦਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਵਿਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਅਤੇ ਦੋ ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ-ਰਾਤ ਮਿਹਨਤ ਕੀਤੀ, ਜਿਸ ਕਾਰਨ ਕਾਂਗਰਸ ਦੇ 4 ਅਤੇ 2 ਆਜ਼ਾਦ ਉਮੀਦਵਾਰ ਚੋਣ ਜਿੱਤੇ ਕਿ ਕੌਂਸਲਰ ਬਣੇ ਸਨ। ਜਦ ਕਿ ਸਿਰਫ ਵਾਰਡ ਨੰਬਰ 4 ਵਿਚ ਕੁਝ ਵੋਟਾਂ ਦੇ ਫ਼ਰਕ ਕਾਂਗਰਸੀ ਉਮੀਦਵਾਰ ‘ਆਪ’ ਪਾਰਟੀ ਦੇ ਉਮੀਦਵਾਰ ਕੋਲੋਂ ਚੋਣ ਹਾਰਿਆ ਹੈ। ਨਗਰ ਕੌਂਸਲ ਚੋਣਾਂ ਵਿਚ ਸ਼ਹਿਰ ਦਾ ਦੂਸਰਾ ਧੜਾ ਸੱਤਾਧਿਰ ‘ਆਪ’ ਵਲੋਂ ਚੋਣ ਲੜ ਰਿਹਾ ਸੀ ਤੇ ਇਧਰ ਸਾਡਾ ਧੜ੍ਹਾ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਕਾਰਨ ਸ਼ਹਿਰ ਵਿਚ ਸਿਰਫ਼ ਦੋ ਹੀ ਧੜੇ ਚੋਣ ਲੜੇ ਸਨ, ਜਿਸ ਦੌਰਾਨ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ, ਸਾਡਾ ਹੋਰ ਕਿਸੇ ਸਿਆਸੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ, ਬੇਸ਼ੱਕ ਕਾਂਗਰਸ ਪਾਰਟੀ ਵਲੋਂ ਚੋਣ ਜਿੱਤੇ ਕੌਂਸਲਰ ਅਤੇ ਕੁਝ ਆਜ਼ਾਦ ਕੌਂਸਲਰ ਹੁਣ ‘ਆਪ’ ਵਿਚ ਸ਼ਾਮਿਲ ਹੋ ਗਏ ਹਨ, ਪਰ ਅਸੀਂ ਅੱਜ ਵੀ ਕਾਂਗਰਸ ਪਾਰਟੀ ਨਾਲ ਖੜ੍ਹੇ ਹਾਂ ਤੇ ਅੱਗੇ ਵੀ ਪਾਰਟੀ ਨਾਲ ਖੜ੍ਹੇ ਰਹਾਂਗੇ। ਸਵਾਮੀਪਾਲ ਖੋਸਲਾ ਅਤੇ ਬਲਵਿੰਦਰ ਸਿੰਘ ਨਾਭਾ ਨੇ ਕਿਹਾ ਕਿ ਜਦੋਂ ਪ੍ਰਧਾਨ ਦੀ ਚੋਣ ਹੋਈ, ਉਸ ਸਮੇਂ ਪ੍ਰਧਾਨ ਦਾ ਨਾਂਅ ਸਾਹਮਣੇ ਵਿਧਾਇਕ ਨੇ ਰੱਖਿਆ ਅਤੇ ਉਸ ਦੇ ਮੁਕਾਬਲੇ ’ਤੇ ਕੋਈ ਵੀ ਹੋਰ ਪ੍ਰਧਾਨਗੀ ਦਾ ਦਾਅਵੇਦਾਰ ਨਹੀਂ ਸੀ ਅਤੇ ਉਹ ਪ੍ਰਧਾਨ ਬਣਨ ਤੋਂ ਬਾਅਦ ਸ਼ਹਿਰ ਵਿਚ ਖੁਸ਼ੀ ਵਿਚ ਰੋਡ ਸ਼ੋਅ ਕੱਢਦਾ ਹੋਇਆ ਸ਼ਹਿਰ ਵਾਸੀਆਂ ਨਾਲ ਸਾਡੀ ਦੁਕਾਨ ਦੇ ਅੱਗੇ ਆ ਗਿਆ ਅਤੇ ਅਸੀਂ ਉਸ ਨੂੰ ਵਧਾਈ ਦੇ ਦਿੱਤੀ। ਸਾਨੂੰ ਸ਼ਹਿਰ ਵਾਸੀਆਂ ਦੇ ਏਨ੍ਹੇ ਇੱਕਠ ਦੌਰਾਨ ਉਸ ਸਮੇਂ ਪਤਾ ਨਹੀਂ ਲੱਗ ਸਕਿਆ ਕਿ ਰੋਡ ਸ਼ੋਅ ਦੇ ਸਮੇਂ ਉਸ ਨਾਲ ਹੋਰ ਵੀ ‘ਆਪ’ ਪਾਰਟੀ ਦੇ ਆਗੂ ਮੌਜੂਦ ਸਨ। ਉਕਤ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨਾਲ ਸਾਡੇ ਪੁਰਾਣੇ ਸਬੰਧ ਹਨ ਤੇ ਅਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ ਅਤੇ ਅੱਗੇ ਵੀ ਕੰਮ ਕਰਦੇ ਰਹਾਂਗੇ।