ਘਰੋਟਾ, 10 ਜੁਲਾਈ (ਸੰਜੀਵ ਗੁਪਤਾ)-ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਘਰੋਟਾ ਵਿਚ ਲੈਬ ਟੈਕਨੀਸ਼ੀਅਨ, ਸਟਾਫ ਨਰਸ ਤੇ ਕਲੈਰੀਕਲ ਸਟਾਫ ਦੀਆਂ ਕਈ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਇਲਾਕੇ ਦੀਆਂ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਮਸਲੇ ਨੂੰ ਲੈ ਕੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੂੰ ਜਲਦ ਖਾਲੀ ਅਸਾਮੀਆਂ ਭਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਭਾਜਪਾ ਦੇ ਸਿਟੀ ਪ੍ਰਧਾਨ ਬਲਬੀਰ ਸਿੰਘ, ਕਿਸਾਨ ਆਗੂ ਦਿਆਲ ਸਿੰਘ, ਜਨਰਲ ਸਕੱਤਰ ਦਿਲਬਾਗ ਸਿੰਘ, ਸਮਿਤੀ ਮੈਂਬਰ ਨਰੇਸ਼ ਕੁਮਾਰ, ਸਵਰਨ ਸਿੰਘ, ਸਰਕਲ ਪ੍ਰਧਾਨ ਸੰਜੀਵ ਪਠਾਨੀਆ, ਸਾਬਕਾ ਹਲਕਾ ਵਿਧਾਇਕਾ ਸੀਮਾ ਕੁਮਾਰੀ ਅਤੇ ਬੂਥ ਪ੍ਰਧਾਨ ਰੋਹਿਤ ਕੁਮਾਰ ਹਾਜ਼ਰ ਸਨ। ਸਰਕਲ ਪ੍ਰਧਾਨ ਸੰਜੀਵ ਪਠਾਨੀਆ ਨੇ ਕਿਹਾ ਕਿ ਸੀ.ਐਚ.ਸੀ. ਘਰੋਟਾ ਇਲਾਕੇ ਦਾ ਸਭ ਤੋਂ ਵੱਡਾ ਸਿਹਤ ਕੇਂਦਰ ਹੈ। ਜਿਸ ‘ਤੇ ਕਰੀਬ 100 ਪਿੰਡਾਂ ਦੇ ਲੋਕ ਇਲਾਜ ਲਈ ਨਿਰਭਰ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਦੋ ਲੈਬ ਟੈਕਨੀਸ਼ੀਅਨ ਦੀਆਂ ਅਸਾਮੀਆਂ ਖਾਲੀ ਹਨ, ਇਸੇ ਤਰ੍ਹਾਂ ਬਲਾਕ ਦੇ ਹੋਰਨਾਂ ਸਥਾਨਾਂ ’ਤੇ ਵੀ ਇਹ ਖਾਲੀ ਹਨ। ਜਿਸ ਕਾਰਨ ਮਰੀਜ਼ਾਂ ਨੂੰ ਲੈਬ ਟੈਸਟਾਂ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈਆਂ ਨੂੰ ਮਜਬੂਰਨ ਨਿੱਜੀ ਲੈਬਾਂ ਦਾ ਰੁੱਖ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਰੀਬ ਛੇ ਸਟਾਫ ਨਰਸਾਂ ਦੀਆਂ ਅਸਾਮੀਆਂ ਵੀ ਖਾਲੀ ਹੋਣ ਕਾਰਨ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ। ਇਸ ਤੋਂ ਇਲਾਵਾ ਕਲੈਰੀਕਲ ਸਟਾਫ ਦੀ ਘਾਟ ਕਾਰਨ ਹਸਪਤਾਲ ਦਾ ਦਫ਼ਤਰੀ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਨਾਲ ਹੀ ਕਿਹਾ ਕਿ ਜਦੋਂ ਤੱਕ ਸਰਜੀਕਲ ਤੇ ਗਾਇਨੀ ਮਾਹਿਰ ਡਾਕਟਰਾਂ ਦੀ ਪੱਕੀ ਨਿਯੁਕਤੀ ਨਹੀਂ ਹੁੰਦੀ, ਉਦੋਂ ਤੱਕ ਹਫ਼ਤੇ ਵਿਚ ਕੁਝ ਦਿਨ ਹੋਰ ਹਸਪਤਾਲਾਂ ਤੋਂ ਡੈਪੂਟੇਸ਼ਨ ‘ਤੇ ਮਾਹਿਰ ਡਾਕਟਰਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਮਰੀਜ਼ਾਂ ਨੂੰ ਰਾਹਤ ਮਿਲ ਸਕੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿਹਤ ਵਿਭਾਗ ਨੇ ਜਲਦ ਖਾਲੀ ਅਸਾਮੀਆਂ ਨਹੀਂ ਭਰੀਆਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਤਾਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਤੇ ਪ੍ਰਦਰਸ਼ਨ ਕੀਤਾ ਜਾਵੇਗਾ।