20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਕੱਚੀ ਹੈ ਥਰਿਆਲ ਤੋਂ ਮੁਤਫਰਕਾ ਨੂੰ ਜੋੜਨ ਵਾਲੀ ਸੜਕ

Ad Position 21
No active advertisement
ਅਜੀਤ ਡੈਸਕ 29-07-2026
ਮਾਧੋਪੁਰ, 28 ਜੁਲਾਈ (ਮਹਿਰਾ)-ਦੇਸ਼ ਨੂੰ ਆਜ਼ਾਦ ਹੋਇਆਂ ਕਈ ਦਹਾਕੇ ਬੀਤ ਚੁੱਕੇ ਹਨ, ਪਰ ਅੱਜ ਵੀ ਪੇਂਡੂ ਖੇਤਰਾਂ ਦੇ ਲੋਕ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ। ਅਜਿਹਾ ਹੀ ਇਕ ਮਾਮਲਾ ਮਾਧੋਪੁਰ ਖੇਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਥਰਿਆਲ ਤੋਂ ਮੁਤਫਰਕਾ (ਵਾਇਆ ਤਾਲਾਬ) ਨੂੰ ਜਾਣ ਵਾਲਾ ਮੁੱਖ ਰਸਤਾ ਅੱਜ ਵੀ ਮਹਿਜ਼ ਇਕ ਕੱਚੀ ਪਗਡੰਡੀ ਬਣਿਆ ਹੋਇਆ ਹੈ। ਇਸ ਬਦਹਾਲ ਰਸਤੇ ਕਾਰਨ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਾਨਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਪਿੰਡ ਵਾਸੀ ਜਸਵੰਤ ਸਿੰਘ, ਰਾਜ ਕੁਮਾਰ, ਸੁਰਜੀਤ ਸਿੰਘ, ਪਵਨ ਸਿੰਘ, ਓਂਕਾਰ ਸਿੰਘ ਤੇ ਪ੍ਰੇਮ ਸਿੰਘ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਥਰਿਆਲ ਤੋਂ ਮੁਤਫਰਕਾ ਦੇ ਵਿਚਕਾਰ ਦਾ ਤਕਰੀਬਨ ਇਕ ਕਿੱਲੋਮੀਟਰ ਦਾ ਹਿੱਸਾ ਪੂਰੀ ਤਰ੍ਹਾਂ ਕੱਚਾ ਹੈ। ਮੌਜੂਦਾ ਬਰਸਾਤ ਦੇ ਦਿਨਾਂ ਵਿਚ ਇਸ ਰਸਤੇ ਦੀ ਹਾਲਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ ਹੈ। ਪੂਰੀ ਸੜਕ ਪਾਣੀ ਤੇ ਚਿੱਕੜ ਨਾਲ ਨੱਕੋ-ਨੱਕ ਭਰ ਚੁੱਕੀ ਹੈ, ਜਿਸ ਕਾਰਨ ਪੈਦਲ ਚੱਲਣਾ ਤਾਂ ਦੂਰ, ਵਾਹਨਾਂ ਦਾ ਲੰਘਣਾ ਵੀ ਦੁੱਭਰ ਹੋ ਗਿਆ ਹੈ। ਇਸ ਰਸਤੇ ‘ਤੇ ਕਈ ਪਰਿਵਾਰ ਨਿਵਾਸ ਕਰਦੇ ਹਨ, ਜੋ ਹਰ ਰੋਜ਼ ਇਸੇ ਨਰਕ ਭਰੀ ਸਥਿਤੀ ਵਿਚੋਂ ਲੰਘਣ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਹ ਕੋਈ ਮਾਮੂਲੀ ਸੰਪਰਕ ਮਾਰਗ ਨਹੀਂ ਹੈ, ਸਗੋਂ ਇਹ ਬਹੁਤ ਹੀ ਮਹੱਤਵਪੂਰਨ ਰਸਤਾ ਹੈ। ਇਹ ਸੜਕ ਥਰਿਆਲ ਤੋਂ ਮੁਤਫਰਕਾ, ਭਨਵਾਲ, ਜੰਦਰਾਈ, ਬੜੋਈ, ਗੂੜਾ ਖੁਰਦ ਅਤੇ ਸੁਜਾਨਪੁਰ ਤੋਂ ਇਲਾਵਾ ਅੱਗੇ ਜਾ ਕੇ ਸਿੱਧੇ ‘ਡਿਫੈਂਸ ਰੋਡ’ ਨੂੰ ਜੋੜਦੀ ਹੈ। ਮਹਿਜ਼ ਇਕ ਕਿੱਲੋਮੀਟਰ ਦਾ ਟੁੱਕੜਾ ਕੱਚਾ ਹੋਣ ਕਾਰਨ ਕਈ ਮੁੱਖ ਪਿੰਡਾਂ ਦਾ ਸੰਪਰਕ ਪ੍ਰਭਾਵਿਤ ਹੋ ਰਿਹਾ ਹੈ। ਐਮਰਜੈਂਸੀ ਦੀ ਸਥਿਤੀ ਵਿਚ ਮਰੀਜ਼ਾਂ ਜਾਂ ਗਰਭਵਤੀ ਔਰਤਾਂ ਨੂੰ ਹਸਪਤਾਲ ਲੈ ਕੇ ਜਾਣਾ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ। ਪਿੰਡ ਵਾਸੀਆਂ ’ਚ ਪ੍ਰਸ਼ਾਸਨ ਖ਼ਿਲਾਫ਼ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਸਤੇ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਉਹ ਵਾਰ-ਵਾਰ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਸੂਚਿਤ ਕਰ ਚੁੱਕੇ ਹਨ। ਇਸ ਦੇ ਬਾਵਜੂਦ ਅੱਜ ਤੱਕ ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ। ਫਾਈਲਾਂ ਵਿਚ ਦੱਬੀਆਂ ਯੋਜਨਾਵਾਂ ਜ਼ਮੀਨੀ ਹਕੀਕਤ ਵਿਚ ਤਬਦੀਲ ਨਹੀਂ ਹੋ ਸਕੀਆਂ। ਮੁੱਖ ਮੰਤਰੀ ਅਤੇ ਡੀ.ਸੀ. ਪਠਾਨਕੋਟ ਤੋਂ ਫੰਡ ਜਾਰੀ ਕਰਨ ਦੀ ਮੰਗ ਥੱਕ-ਹਾਰ ਕੇ ਹੁਣ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਤੋਂ ਇਸ ਗੰਭੀਰ ਜਨਹਿਤ ਦੇ ਮੁੱਦੇ ‘ਤੇ ਤੁਰੰਤ ਸੰਗਿਆਨ ਲੈਣ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਇਕ ਕਿੱਲੋਮੀਟਰ ਲੰਬੀ ਅਧੂਰੀ ਸੜਕ ਦੇ ਨਿਰਮਾਣ ਲਈ ਵਿਸ਼ੇਸ਼ ਫੰਡ ਤੁਰੰਤ ਜਾਰੀ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਸ ਰੋਜ਼-ਰੋਜ਼ ਦੀ ਪ੍ਰੇਸ਼ਾਨੀ ਅਤੇ ਚਿੱਕੜ ਭਰੇ ਰਸਤੇ ਤੋਂ ਹਮੇਸ਼ਾ ਲਈ ਨਿਜਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮਸ਼ਹੂਰ ਡਾ: ਭਿੰਡਰ ਦੇ ਘਰ ਕਰੋੜਾਂ ਦੀ ਹੋਈ ਚੋਰੀ ਪਤਨੀ ਦੇ ਖਾਤਿਆਂ ’ਚੋਂ ਕੱਢੇ ਪੈਸੇ, 60 ਤੋਲੇ ਸੋਨਾ ਵੀ ਲੈ ਗਏ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨਕਾਂ ਵਲੋਂ ਕਿਸਾਨਾਂ ਨੂੰ ਝੋਨੇ ਦੇ ਮਧਰੇਪਨ ਤੇ ਵਾਟਕ ਚਿੱਟੀ ਪਿੱਠ ਵਾਲੇ ਟਿੱਡੇ ਪ੍ਰਤੀ...
Ad Position 24