ਜਲਾਲਾਬਾਦ, 30 ਜਨਵਰੀ (ਜਤਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੇ ਨਸ਼ੇ ਲਈ ਬਦਨਾਮ ਪਿੰਡ ਮਹਾਲਮ 'ਚ ਅਕਸਰ ਹੀ ਪੁਲਿਸ ਪ੍ਰਸ਼ਾਸਨ ਤੇ ਐਕਸਾਈਜ਼ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਤੇ ਲਾਹਣ ਦੀ ਬਰਾਮਦੀ ਲਈ ਕਾਰਵਾਈ ਕੀਤੀ ਜਾਂਦੀ ਹੈ | ਅੱਜ ਇਕ ਵਾਰ ਫਿਰ ਤੋਂ ਪੁਲਿਸ ਪ੍ਰਸ਼ਾਸਨ ਤੇ ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦੇ ਹੋਏ ਮਹਾਲਮ ਪਿੰਡ ਦੇ ਤਿੰਨ ਘਰਾਂ ਤੋਂ 3200 ਲੀਟਰ ਲਾਹਣ ਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਬਰਾਮਦ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ | ਇਹ ਜ਼ਿਕਰਯੋਗ ਹੈ ਕਿ ਇਸ ਪਿੰਡ ਦੀ ਵਸੋਂ ਤੋਂ ਵੱਧ ਸ਼ਰਾਬ ਦੇ ਮੁਕੱਦਮੇ ਪਿੰਡ ਵਾਸੀਆਂ 'ਤੇ ਦਰਜ ਹਨ | ਇਸ ਧੰਦੇ 'ਚ ਲੱਗੇ ਹੋਏ ਪਿੰਡ ਵਾਸੀ ਨਾਜਾਇਜ਼ ਸ਼ਰਾਬ ਕੱਢਦੇ ਹੋਏ ਫੜੇ ਜਾਂਦੇ ਹਨ ਅਤੇ ਬਾਹਰ ਜ਼ਮਾਨਤ 'ਤੇ ਆ ਕੇ ਫਿਰ ਤੋਂ ਨਾਜਾਇਜ਼ ਸ਼ਰਾਬ ਵਿਚ ਹੀ ਲੱਗ ਜਾਂਦੇ ਹਨ¢ ਪ੍ਰਸ਼ਾਸਨ ਵਲ਼ੋਂ ਇਸ ਧੰਦੇ ਵਿਚ ਲੱਗੇ ਹੋਏ ਲੋਕਾਂ ਨੂੰ ਹੋਰਨਾਂ ਧੰਦਿਆਂ ਵਿਚ ਲਗਾਉਣ ਤੇ ਗੁਜ਼ਾਰੇ ਲਈ ਹੋਰ ਧੰਦੇ ਵਿਚ ਜਾਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ | ਇਸ ਦੇ ਨਾਲ ਹੀ ਇਸ ਧੰਦੇ 'ਚ ਪੂਰੀ ਤਰ੍ਹਾਂ ਖੁੱਭੇ ਹੋਣ ਤੇ ਸੋਖੇ ਜਲਦੀ ਪੈਸੇ ਬਣਨ ਕਰਕੇ ਲੋਕ ਵੀ ਹੋਰਨਾਂ ਧੰਦਿਆਂ ਵਲੋਂ ਜਾਣਾ ਨਹੀਂ ਚਾਹੁੰਦੇ | ਸ਼ਰਾਬ ਠੇਕੇਦਾਰ ਵੀ ਇਸ ਪਿੰਡ ਵਿਚ ਨਿਕਲਦੀ ਨਾਜਾਇਜ਼ ਸ਼ਰਾਬ ਤੋਂ ਕਾਫ਼ੀ ਦੁਖੀ ਹਨ, ਕਿਉਂਕਿ ਇਹ ਸਿੱਧਾ ਸਿੱਧਾ ਉਨ੍ਹਾਂ ਦੇ ਕੰਮ 'ਤੇ ਫ਼ਰਕ ਪਾਉਂਦੀ ਹੈ | ਸ਼ਰਾਬ ਠੇਕੇਦਾਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਮਗਲਰਾਂ ਕਾਰਨ ਸ਼ਰਾਬ ਠੇਕੇਦਾਰ ਘਾਟੇ 'ਚ ਜਾਂਦੇ ਹਨ ਅਤੇ ਜੇਕਰ ਇਨ੍ਹਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਉਹ ਸਮਾਂ ਆ ਜਾਵੇਗਾ ਜਦੋਂ ਕੋਈ ਵੀ ਠੇਕੇਦਾਰ ਜ਼ਿਲ੍ਹੇ ਵਿਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਨਹੀਂ ਲਗਾਏਗਾ | ਫ਼ਿਲਹਾਲ ਪੁਲਿਸ ਪ੍ਰਸ਼ਾਸਨ ਵਲ਼ੋਂ ਨਾਜਾਇਜ਼ ਲਾਹਣ ਤੇ ਸ਼ਰਾਬ ਦੀ ਬਰਾਮਦਗੀ ਸੰਬੰਧੀ ਕਾਰਵਾਈ ਜਾਰੀ ਹੈ ਤੇ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ |