11 ਵੇਂ ਵਿਸ਼ਾਲ ਸੰਕੀਰਤਨ ’ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ
ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ)- ਨਵੀਂ ਆਬਾਦੀ ਦੀ ਗਲੀ ਨੰਬਰ 13 ਸਥਿਤ ਵੱਡੀ ਪੌੜੀ ਦੇ ‘ਬੇਬੇ ਜੀ ਤੇ ਬਾਲਾ ਜੀ ਮੰਦਿਰ ਵਿਖੇ ਕਰਵਾਏ ਗਏ 11ਵੇਂ ਵਿਸ਼ਾਲ ਸੰਕੀਰਤਨ ਵਿਚ ਸ਼ਰਧਾਲੂਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਸੈਂਕੜੇ ਸ਼ਰਧਾਲੂਆਂ ਨੇ ਮੰਦਿਰ ਵਿਚ ਮੱਥਾ ਟੇਕ ਕੇ ਬੇਬੇ ਜੀ ਤੇ ਬਾਲਾ ਜੀ ਦਾ ਗੁਣਗਾਨ ਸੁਣਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ)- ਨਵੀਂ ਆਬਾਦੀ ਦੀ ਗਲੀ ਨੰਬਰ 13 ਸਥਿਤ ਵੱਡੀ ਪੌੜੀ ਦੇ ‘ਬੇਬੇ ਜੀ ਤੇ ਬਾਲਾ ਜੀ ਮੰਦਿਰ ਵਿਖੇ ਕਰਵਾਏ ਗਏ 11ਵੇਂ ਵਿਸ਼ਾਲ ਸੰਕੀਰਤਨ ਵਿਚ ਸ਼ਰਧਾਲੂਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਸੈਂਕੜੇ ਸ਼ਰਧਾਲੂਆਂ ਨੇ ਮੰਦਿਰ ਵਿਚ ਮੱਥਾ ਟੇਕ ਕੇ ਬੇਬੇ ਜੀ ਤੇ ਬਾਲਾ ਜੀ ਦਾ ਗੁਣਗਾਨ ਸੁਣਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਇਹ ਸੰਕੀਰਤਨ ਦੇਰ ਸ਼ਾਮ ਤੱਕ ਚੱਲਿਆ ਜਿਸ ਵਿਚ ਸੰਗਤਾਂ ਭਜਨਾਂ ਦੇ ਰੰਗ ਵਿਚ ਰੰਗੀਆਂ ਨਜ਼ਰ ਆਈਆਂ। ਬਾਬਾ ਖੇਤਰਪਾਲ ਸੁਜਾਵਲਪੁਰ ਧਾਮ ਦੇ ਪ੍ਰਬੰਧਕ ਚਿਮਨ ਲਾਲ ਨਰੂਲਾ, ਗੱਦੀਨਸ਼ੀਨ ਰਜਨੀ ਬਾਬਾ, ਅੰਗਰੇਜ਼ ਨਰੂਲਾ, ਭਗਤ ਓਮ ਪ੍ਰਕਾਸ਼ ਬੱਬਰ ਕਾਲਿਆਂਵਾਲੀ ਤੇ ਭਗਤ ਚਿਮਨ ਲਾਲ ਬੱਬਰ ਨੇ ਜੋਤ ਪ੍ਰਜਵਲਿਤ ਕਰਕੇ ਸੰਕੀਰਤਨ ਦਾ ਉਦਘਾਟਨ ਕੀਤਾ। ਸੰਕੀਰਤਨ ਦੀ ਸ਼ੁਰੂਆਤ ਸੋਨੂੰ ਗਿਰਧਰ ਵੱਲੋਂ ਸ੍ਰੀ ਖੇਤਰਪਾਲ ਚਾਲੀਸਾ ਦੇ ਪਾਠ ਨਾਲ ਕੀਤੀ ਗਈ। ਇਸ ਤੋਂ ਬਾਅਦ ਭਜਨ ਗਾਇਕ ਡਾ. ਗੁਰਬੰਸ ਰਾਹੀ, ਅਨੀਸ਼ ਚੰਚਲ ਅਰੋੜਾ ਤੇ ਪਵਨ ਦੁਰੇਜਾ ਨੇ ਆਪਣੇ ਮਧੁਰ ਭਜਨਾਂ ਰਾਹੀਂ ਸੰਗਤਾਂ ਨੂੰ ਝੂਮਣ ਲਗਾ ਦਿੱਤਾ। ਸਮਾਗਮ ਦੌਰਾਨ ਸ਼ਰਧਾਲੂਆਂ ਲਈ ਅਟੁੱਟ ਲੰਗਰ ਵਰਤਾਇਆ ਗਿਆ। ਸੁਜਾਵਲਪੁਰ ਧਾਮ ਦੀਆਂ ਅਬੋਹਰ, ਫ਼ਾਜ਼ਿਲਕਾ, ਬਠਿੰਡਾ, ਸ੍ਰੀ ਗੰਗਾਨਗਰ ਤੇ ਸਿਰਸਾ ਸ਼ਾਖਾਵਾਂ ਦੇ ਅਹੁਦੇਦਾਰਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਪਤੀ ’ਤੇ ਚਿਮਨ ਲਾਲ ਨਰੂਲਾ ਨੇ ਭਜਨ ਗਾਇਕਾਂ ਦਾ ਸਨਮਾਨ ਕੀਤਾ। ਇਸ ਮੌਕੇ ਅਸ਼ੋਕ ਨਾਗਪਾਲ, ਰਾਜੂ ਨਾਰੰਗ, ਪ੍ਰਹਿਲਾਦ ਖੁਰਾਨਾ, ਰੌਸ਼ਨ ਖੁਰਾਨਾ ਤੇ ਰਾਜੂ ਚਰਾਇਆ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।