ਅੰਮਿ੍ਤਸਰ, 3 ਜਨਵਰੀ (ਜਸਵੰਤ ਸਿੰਘ ਜੱਸ)¸ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ.-ਕੁਲਪਤੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੁਆਰਾ ਪਸ਼ੂਆਂ ਦੀਆਂ ਬਿਮਾਰੀਆਂ ਤੇ ਹੋਰਨਾਂ ਸੂਚਨਾਵਾਂ ਸਬੰਧੀ ਤਿਆਰ ਕੀਤਾ ਗਿਆ ਪਹਿਲਾ ਮੋਬਾਇਲ ਐਪਲੀਕੇਸ਼ਨ ਜਾਰੀ ਕੀਤਾ ਗਿਆ, ਜੋ ਪੈਰ-ਅਤੇ-ਮੂੰਹ ਦੀ ਬਿਮਾਰੀ ਅਤੇ ਹੈਮੋਰੇਜਿਕ ਸੈਪਟੀਸੀਮੀਆ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਦੀ ਗਣਨਾ ਕਰਨ ਸੰਬੰਧੀ ਜਾਣਕਾਰੀ ਪ੍ਰਦਾਨ ਕਰੇਗਾ | ਇਸ ਮੌਕੇ ਸ: ਛੀਨਾ ਨੇ ਕਾਲਜ ਪਿ੍ੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਮੌਜ਼ੂਦਗੀ 'ਚ ਕਿਸਾਨ ਭਾਈਚਾਰੇ ਲਈ ਇਕ ਮਹੱਤਵਪੂਰਨ ਸਾਧਨ ਵਜੋਂ ਉਕਤ ਨਵੀਨਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਸ਼ੂਆਂ ਦੀਆਂ ਬਿਮਾਰੀਆਂ ਸਿਰਫ਼ ਜਾਨਵਰਾਂ ਦੀ ਸਿਹਤ ਨੂੰ ਪ੍ਰਭਾਵਿਤ ਨਹੀਂ ਕਰਦੀਆਂ, ਸਗੋਂ ਇਹ ਪੇਂਡੂ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਉਕਤ ਐਪ ਕਿਸਾਨਾਂ ਨੂੰ ਬਿਮਾਰੀਆਂ ਦੇ ਲੁਕਵੇਂ ਖਰਚਿਆਂ ਨੂੰ ਸਮਝਣ 'ਚ ਸਹਾਇਤਾ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਟੀਕਾਕਰਨ ਅਤੇ ਰੋਕਥਾਮ ਉਪਾਅ ਅਪਨਾਉਣ ਲਈ ਜਾਗਿ੍ਤ ਕਰੇਗਾ | ਪਿ੍ੰ: ਡਾ. ਵਰਮਾ ਨੇ ਕਿਹਾ ਕਿ ਇਹ ਐਪ ਕਲੀਨਿਕਲ ਨਿਦਾਨ ਅਤੇ ਆਰਥਿਕ ਹਕੀਕਤ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨੇ ਰਾਜ ਦੇ ਪਸ਼ੂ ਧਨ ਕਿਸਾਨਾਂ ਦੇ ਹਿੱਤ ਲਈ ਇਕ ਨਵੇਂ ਕੰਮ ਸਬੰਧੀ ਪੂਰੀ ਟੀਮ ਨੂੰ ਵਧਾਈ ਦਿੱਤੀ |