ਅਟਾਰੀ ਸਰਹੱਦ, (ਅੰਮਿ੍ਤਸਰ) 27 ਜਨਵਰੀ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ 'ਤੇ ਬੀ.ਐਸ.ਐਫ. ਵਲੋਂ ਗਣਤੰਤਰ ਦਿਵਸ ਵੱਡੀ ਪੱਧਰ 'ਤੇ ਰੰਗਾਰੰਗ ਪ੍ਰੋਗਰਾਮ ਕਰਕੇ ਮਨਾਇਆ ਗਿਆ, ਜਿਸ 'ਚ ਵਧੀਕ ਡਾਇਰੈਕਟਰ ਜਨਰਲ ਬੀ.ਐਸ.ਐਫ. ਪੱਛਮੀ ਕਮਾਂਡ ਸਤੀਸ਼ ਐੱਸ. ਖੰਡਰੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜਿਥੇ ਨਿਹੰਗ ਸਿੰਘਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ, ਉਥੇ ਹੀ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਗਿੱਧਾ ਭੰਗੜਾ ਪੇਸ਼ ਕੀਤਾ ਗਿਆ, ਜਿਸ ਦੌਰਾਨ ਭਾਰਤ ਵਾਲੇ ਪਾਸੇ ਬੈਠੇ ਹਜ਼ਾਰਾਂ ਦਰਸ਼ਕਾਂ ਨੇ ਜਿਥੇ ਪੰਜਾਬੀ ਗਾਣਿਆਂ 'ਤੇ ਭੰਗੜੇ ਪਾਏ, ਉਥੇ ਹੀ ਪਾਕਿਸਤਾਨ ਵਾਲੇ ਪਾਸੇ ਪੁੱਜੇ ਹਜ਼ਾਰਾਂ ਦਰਸ਼ਕਾਂ ਵਲੋਂ ਵੀ ਭਾਰਤੀ ਪੇਸ਼ਕਾਰੀਆਂ ਦਾ ਆਨੰਦ ਮਾਣਿਆ ਗਿਆ | ਇਸ ਮੌਕੇ ਬੀ.ਐਸ.ਐਫ., ਫ਼ੌਜ, ਭਾਰਤੀ ਕਸਟਮ, ਭਾਰਤੀ ਇਮੀਗ੍ਰੇਸ਼ਨ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਧਿਕਾਰੀ ਵੀ ਮੌਜੂਦ ਰਹੇ |