ਮਜੀਠਾ, 4 ਫਰਵਰੀ (ਜਗਤਾਰ ਸਿੰਘ ਸਹਿਮੀ)- ਪਾਵਰਕਾਮ/ਟ੍ਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸਬ ਅਰਬਨ ਸਰਕਲ ਅੰਮਿ੍ਤਸਰ ਵਲੋਂ ਬਿਜਲੀ ਦਫਤਰ ਕੰਪਲੈਕਸ ਮਜੀਠਾ ਵਿਖੇ ਸਰਕਲ ਪੱਧਰੀ ਵਿਸ਼ਾਲ ਇਕੱਤਰਤਾ ਕੀਤੀ ਗਈ | ਇਹ ਇਕੱਤਰਤਾ ਸਰਕਲ ਪ੍ਰਧਾਨ ਕਰਮ ਸਿੰਘ ਰਾਜਾਸਾਂਸੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਭਾਗ ਲਿਆ | ਇਕੱਤਰਤਾ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਕੀਤੀ ਗਈ | ਇਸ ਉਪਰੰਤ ਭਖਦੇ ਮਸਲਿਆਂ ਅਤੇ ਮੁੱਦਿਆਂ 'ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਦੇਸ਼ ਦੀਆਂ ਟਰੇਡ ਯੂਨੀਅਨਾਂ ਵਲੋਂ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਡਟ ਕੇ ਹਮਾਇਤ ਕੀਤੀ ਜਾਵੇਗੀ | ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਤਾਜ਼ਾ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਇਸ ਬਜਟ ਵਿਚ ਪੈਨਸ਼ਨਰਾਂ, ਸਰਕਾਰੀ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕੋਈ ਢੁਕਵਾਂ ਬੰਦੋਬਸਤ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਕਿਰਤੀ ਲੋਕਾਂ ਦੇ ਹੱਕਾਂ 'ਤੇ ਹਮਲੇ ਕੀਤੇ ਜਾ ਰਹੇ ਹਨ | ਮੀਟਿੰਗ ਦੌਰਾਨ ਸਰਕਲ ਸਕੱਤਰ ਸਵਿੰਦਰਪਾਲ ਮੋਲੋਵਾਲੀ ਦੇ ਪਰਿਵਾਰ 'ਤੇ 31 ਅਕਤੂਬਰ 2025 ਨੂੰ ਫਤਿਹਗੜ ਚੂੜੀਆਂ ਵਿਖੇ ਹੋਏ ਗੰਭੀਰ ਹਮਲੇ ਦਾ ਮਾਮਲਾ ਵੀ ਚਰਚਾ ਦਾ ਕੇਂਦਰ ਰਿਹਾ | ਆਗੂਆਂ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਜਿਮ 'ਤੇ ਸ਼ਰਾਰਤੀ ਅਨਸਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਉਸ ਦਾ ਛੋਟਾ ਪੁੱਤਰ ਜ਼ਖ਼ਮੀ ਹੋ ਗਿਆ ਸੀ, ਨਾਲ ਹੀ ਘਰ ਤੇ ਜਿਮ ਨੂੰ ਅੱਗ ਲਗਾਉਣ ਦੀਆਂ ਧਮਕੀਆਂ ਤੇ ਜਾਤੀ ਸੂਚਕ ਸ਼ਬਦ ਵਰਤੇ ਗਏ | ਇਸ ਸੰਬੰਧੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਕਈ ਵਾਰ ਮਿਲ ਕੇ ਇਨਸਾਫ ਦੀ ਗੁਹਾਰ ਲਗਾਈ ਗਈ, ਪਰ ਅਜੇ ਤੱਕ ਨਿਆਂ ਨਹੀਂ ਮਿਲਿਆ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਜਥੇਬੰਦੀ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ | ਆਗੂਆਂ ਨੇ ਬਿਜਲੀ ਸੋਧ ਬਿਲ 2025, ਸਮਾਰਟ ਮੀਟਰ ਲਾਉਣੇ, ਚਾਰ ਨਵੇਂ ਲੇਬਰ ਕਾਨੂੰਨ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਾ ਹੋਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਤੇ ਡੀ.ਏ. ਤੇ ਡੀ.ਏ. ਦੇ ਬਕਾਇਆ ਨਾ ਮਿਲਣ 'ਤੇ ਸਖ਼ਤ ਨਾਰਾਜ਼ਗੀ ਜਤਾਈ | ਅੰਤ ਵਿਚ ਟਰੇਡ ਯੂਨੀਅਨਾਂ ਤੇ ਜਨਤਕ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਸਵਿੰਦਰਪਾਲ ਮੋਲੋਵਾਲੀ, ਰਾਮ ਲੁਭਾਇਆ, ਜੋਗਿੰਦਰ ਸਿੰਘ ਸੋਹੀ, ਕੁਲਵੰਤ ਸਿੰਘ, ਮਹਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ ਨਾਗ ਕਲਾਂ, ਅਨੂਪ ਸਿੰਘ, ਮੇਜਰ ਸਿੰਘ ਤੇ ਸਤੀਸ਼ ਕੁਮਾਰ ਸਮੇਤ ਕਈ ਆਗੂਆਂ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ |