ਅੰਮਿ੍ਤਸਰ, 4 ਫਰਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ 'ਚ 25 ਵਰਿ੍ਹਆਂ ਬਾਅਦ ਮਨਾਈ ਜਾ ਰਹੀ ਬਸੰਤ ਤੋਂ ਤਿੰਨ ਦਿਨਾਂ ਪਹਿਲਾਂ ਲਾਹੌਰ 'ਚ 54 ਕਰੋੜ ਰੁਪਏ ਤੋਂ ਵੱਧ ਦੀਆਂ ਪਤੰਗਾਂ ਦੀਆਂ ਡੋਰਾਂ ਅਤੇ ਪਤੰਗਾਂ ਵਿਕ ਚੁੱਕੀਆਂ ਹਨ | ਪਤੰਗਾਂ ਤੇ ਡੋਰਾਂ ਦੀ ਇਹ ਵਿੱਕਰੀ ਵਿਰਾਸਤੀ ਤਿਉਹਾਰ ਦੇ ਜ਼ੋਰਦਾਰ ਜਨਤਕ ਉਤਸ਼ਾਹ ਨੂੰ ਦਰਸਾਉਂਦੀ ਹੈ | ਲਾਹੌਰ ਦੇ ਮੋਚੀ ਗੇਟ ਬਾਜ਼ਾਰ 'ਚ ਵੱਡੀ ਗਿਣਤੀ ਵਿਚ ਖ਼ਰੀਦਦਾਰ ਆਪਣੀ ਪਸੰਦ ਦੀਆਂ ਪਤੰਗਾਂ ਦੀਆਂ ਡੋਰਾਂ ਅਤੇ ਪਤੰਗਾਂ ਖ਼ਰੀਦਣ ਲਈ ਇਕੱਠੇ ਹੋਏ ਅਤੇ ਢੋਲ ਦੇ ਡਗੇ 'ਤੇ ਭਾਰੀ ਉਤਸ਼ਾਹ ਨਾਲ ਖ਼ਰੀਦਦਾਰੀ ਕੀਤੀ | ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ 7 ਫਰਵਰੀ ਨੂੰ ਲਾਹੌਰ ਦੇ ਲਿਬਰਟੀ ਚੌਕ ਵਿਖੇ ਬਸੰਤ ਮਨਾਉਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਪੰਜਾਬ ਪ੍ਰਸ਼ਾਸਨ ਵਲੋਂ ਜਾਰੀ ਇਕ ਅਧਿਕਾਰਤ ਨੋਟੀਫ਼ਿਕੇਸ਼ਨ ਅਨੁਸਾਰ 6 ਅਤੇ 7 ਫਰਵਰੀ ਨੂੰ ਸੂਬੇ ਭਰ 'ਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸਖ਼ਤ ਸ਼ਰਤਾਂ ਅਧੀਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਜਸ਼ਨ-ਏ-ਬਸੰਤ ਤਿਉਹਾਰ ਇਸ ਵਾਰ 6 ਤੋਂ 8 ਫਰਵਰੀ ਤੱਕ ਲਾਹੌਰ 'ਚ ਮਨਾਇਆ ਜਾਣਾ ਤੈਅ ਹੈ |