ਅੰਮਿ੍ਤਸਰ, 4 ਫਰਵਰੀ (ਜਸਵੰਤ ਸਿੰਘ ਜੱਸ)-ਬੀਤੇ ਦਿਨ ਨਾਭਾ ਰਿਆਸਤ ਦੇ ਰਾਜਕੁਮਾਰ ਕੁੰਵਰ ਅਭੀਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੇ ਇਤਿਹਾਸਕ ਸਮਾਗਮ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਤੀਨਿਧੀਆਂ ਵਜੋਂ ਆਦਰਸ਼ਪਿੰਦਰ ਸਿੰਘ ਮਾਨ, ਤਰਲੋਚਨ ਸਿੰਘ, ਗੁਰਭੇਜ ਸਿੰਘ ਅਤੇ ਡਿਪਟੀ ਡਾਇਰੈਕਟਰ ਸਪੋਰਟਸ ਦੀਪਇੰਦਰ ਸਿੰਘ ਵਲੋਂ ਸ਼ਮੂਲੀਅਤ ਕਰਦਿਆਂ ਦੀਵਾਨ ਵਲੋਂ ਉਨ੍ਹਾਂ ਨੂੰ ਦਸਤਾਰ ਭੇਂਟ ਕੀਤੀ ਗਈ ਅਤੇ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਭੇਜਿਆ ਗਿਆ ਸੰਦੇਸ਼ ਸੌਂਪਿਆ ਗਿਆ | ਪ੍ਰਧਾਨ ਡਾ. ਨਿੱਜਰ ਨੇ ਨਾਭਾ ਰਿਆਸਤ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਸਤਾਰਬੰਦੀ ਸਮਾਗਮ ਆਯੋਜਨ ਨੇ ਨੌਜੁਆਨ ਪੀੜ੍ਹੀ ਨੂੰ ਸਿੱਖ ਪਰੰਪਰਾਵਾਂ ਅਤੇ ਇਤਿਹਾਸਕ ਵਿਰਸੇ ਨਾਲ ਜੁੜਣ ਲਈ ਮਹੱਤਵਪੂਰਨ ਸੰਦੇਸ਼ ਦਿੱਤਾ ਹੈ | ਉਨ੍ਹਾਂ ਰਾਜਕੁਮਾਰ ਅਭੀਉਦੈ ਪ੍ਰਤਾਪ ਸਿੰਘ ਨੂੰ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਕੀਤੀ ਗਈ ਕਿ ਉਹ ਦਸਤਾਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਸੇਵਾ, ਸਾਂਝ ਅਤੇ ਮਨੁੱਖਤਾ ਦੇ ਰਾਹ 'ਤੇ ਚੱਲਣਗੇ ਅਤੇ ਆਪਣੇ ਪੁਰਖਿਆਂ ਦੀ ਦਿੱਤੀ ਅਮੀਰ ਵਿਰਾਸਤ ਨੂੰ ਸੰਭਾਲਦਿਆਂ ਆਪਣੀਆਂ ਪੁਰਾਤਨ ਰਿਵਾਇਤਾਂ ਅਨੁਸਾਰ ਪੰਜਾਬ ਅਤੇ ਸਿੱਖ ਪੰਥ ਦੇ ਹਿੱਤਾਂ ਦੀ ਰਾਖੀ ਲਈ ਸੇਵਾ ਕਰਨਗੇ |