ਅੰਮਿ੍ਤਸਰ, 24 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਫਿਰੋਜ਼ਪੁਰ ਡਿਵੀਜ਼ਨ ਦੀ ਵਪਾਰ ਵਿਕਾਸ ਇਕਾਈ ਦੇ ਨਿਰੰਤਰ ਯਤਨਾਂ ਅਤੇ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਦਸੰਬਰ 2025 ਅਤੇ ਅਪ੍ਰੈਲ 2026 ਦੇ ਵਿਚਕਾਰ 477 ਵੈਗਨ ਆਲੂਆਂ ਦੀ ਰਿਕਾਰਡ ਲੋਡਿੰਗ ਹੋਈ | ਫਿਰੋਜ਼ਪੁਰ ਡਿਵੀਜ਼ਨ ਨੇ ਕਪੂਰਥਲਾ, ਹੁਸ਼ਿਆਰਪੁਰ, ਮਲਸ਼ੀਆਂ ਸ਼ਾਹਕੋਟ, ਬੁਟਾਰੀ, ਸੁਰਾਨੁੱਸੀ, ਜਲੰਧਰ ਸ਼ਹਿਰ ਅਤੇ ਹੋਰ ਸਟੇਸ਼ਨਾਂ ਤੋਂ ਆਲੂਆਂ ਨੂੰ ਹਸਨ (ਕਰਨਾਟਕ), ਅਜਾਰਾ ਅਤੇ ਜੋਰਹਾਟ (ਅਸਾਮ), ਅਤੇ ਜੀਰਾਨੀਆ (ਤਿ੍ਪੁਰਾ) ਤੱਕ ਲੋਡ ਕੀਤਾ | ਇਨਾਂ 477 ਵੈਗਨਾਂ ਰਾਹੀਂ ਕੁੱਲ 27,174 ਮੀਟਿ੍ਕ ਟਨ ਆਲੂਆਂ ਦੀ ਢੋਆ-ਢੁਆਈ ਕੀਤੀ ਗਈ, ਜਿਸ ਨਾਲ ਡਿਵੀਜ਼ਨ ਨੂੰ ਲਗਭਗ 29.54 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ | ਕਿਸਾਨਾਂ ਅਤੇ ਵਪਾਰੀਆਂ ਦੀ ਸਹੂਲਤ ਲਈ, ਪ੍ਰਚੂਨ ਵੈਗਨਾਂ 'ਚ ਲੋਡ ਕਰਨ ਦੇ ਪ੍ਰਬੰਧ ਕੀਤੇ ਗਏ ਹਨ, ਜਿਸ ਨਾਲ ਉਹ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਆਸਾਨੀ ਨਾਲ ਸਾਮਾਨ ਬੁੱਕ ਕਰ ਸਕਦੇ ਹਨ | ਫਿਰੋਜ਼ਪੁਰ ਡਿਵੀਜ਼ਨ ਦੇ ਅੰਦਰ ਮੋਗਾ, ਕਪੂਰਥਲਾ, ਜਲੰਧਰ, ਅੰਮਿ੍ਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਰਗੇ ਖੇਤਰਾਂ 'ਚ ਆਲੂ ਦੇ ਚੰਗੇ ਉਤਪਾਦਨ ਨੂੰ ਦੇਖਦੇ ਹੋਏ ਉੱਥੋਂ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਵੀ ਇਸ ਸੇਵਾ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ |