ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਸਾਬਕਾ ਸੂਬਾਈ ਵਜ਼ੀਰ ਅਤੇ ਸ੍ਰੀ ਦੁਰਗਿਆਣਾ ਕਮੇਟੀ ਦੀ ਮੌਜੂਦਾ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀਆਂ ਕੋਸ਼ਿਸ਼ਾਂ ਸਦਕਾ ਸਥਾਨਕ ਗੋਲਬਾਗ ਵਿਖੇ ਉਸਾਰੇ ਗਏ 'ਸ਼ਹੀਦ ਮਦਨ ਲਾਲ ਢੀਂਗਰਾ ਸ਼ਹੀਦੀ ਸਮਾਰਕ' ਵਿਖੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਨਵਾਂ ਬੁੱਤ ਸਥਾਪਿਤ ਕੀਤਾ ਗਿਆ | ਇਸ ਸਥਾਨ 'ਤੇ ਪਹਿਲਾਂ ਸ਼ਹੀਦ ਮਦਨ ਲਾਲ ਢੀਂਗਰਾ ਦਾ ਲੋਹੇ ਦੇ ਸਟੂਲ 'ਤੇ ਬੈਠੇ ਹੋਏ ਦਾ ਛੋਟੇ ਆਕਾਰ ਦਾ ਬੁੱਤ ਲਗਾਇਆ ਗਿਆ ਸੀ | ਬੁੱਤ ਦੇ ਉਦਘਾਟਨੀ ਸਮਾਗਮ 'ਚ ਸਥਾਨਕ ਸਮਾਜ ਸੇਵਕ, ਸਿੱਖਿਆ ਸ਼ਾਸਤਰੀ, ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ | ਇਸ ਸਮਾਗਮ 'ਚ ਪ੍ਰੋ. ਚਾਵਲਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੀਵਨ, ਸੰਘਰਸ਼ ਅਤੇ ਦੇਸ਼ ਭਗਤੀ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਮਦਨ ਲਾਲ ਢੀਂਗਰਾ ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ 'ਚੋਂ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਖ਼ੁਸ਼ੀ-ਖ਼ੁਸ਼ੀ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ | ਉਨ੍ਹਾਂ ਨੌਜਵਾਨਾਂ ਨੂੰ ਇਤਿਹਾਸ ਅਤੇ ਆਜ਼ਾਦੀ ਘੁਲਾਟੀਆਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ | ਪ੍ਰੋ. ਚਾਵਲਾ ਨੇ ਕਿਹਾ ਕਿ ਸ਼ਹੀਦ ਢੀਂਗਰਾ ਨੇ ਬਿ੍ਟਿਸ਼ ਸ਼ਾਸਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ | ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੰਡਨ 'ਚ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੀਵਨ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਅਤੇ ਨਿਸ਼ਾਨੀਆਂ ਭਾਰਤ ਲਿਆ ਕੇ ਇਸ ਯਾਦਗਾਰ 'ਚ ਪ੍ਰਦਰਸ਼ਿਤ ਕੀਤੀਆਂ ਜਾਣ ਤਾਂ ਜੋ ਲੋਕ ਆਪਣੇ ਸ਼ਹੀਦ ਬਾਰੇ ਹੋਰ ਜਾਣ ਸਕਣ | ਇਸ ਮੌਕੇ ਮਾਲਾ ਚਾਵਲਾ, ਡਾ: ਰਾਕੇਸ਼ ਸ਼ਰਮਾ, ਪਿ੍ੰਸੀਪਲ ਪੁਸ਼ਪ ਰਾਜ, ਅਨਿਲ ਪਾਠਕ, ਪਵਨ ਕੁਮਾਰ ਗੋਇਲ, ਕੁਲਵੰਤ, ਨੀਲਮ ਸ਼ਰਮਾ, ਸ੍ਰੀਮਤੀ ਰਾਜਪਾਲ, ਧਰਮਿੰਦਰ ਤੇ ਕਿਸ਼ੋਰ ਚੱਢਾ ਸ਼ਾਮਿਲ ਸਨ |