ਅੰਮ੍ਰਿਤਸਰ, 13 ਜੂਨ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਤੇ ਤਜਿੰਦਰਪਾਲ ਸਿੰਘ ਬੌਬੀ ਬਾਦਸ਼ਾਹ ਦੇ ਉਪਰਾਲਿਆਂ ਸਦਕਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਚੰਡੀਗੜ੍ਹ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫ਼ਾਰ ਇੰਟਰਪ੍ਰਨਿਉਰਸ਼ਿਪ ਐਂਡ ਇਨੋਵੇਸ਼ਨ ਵਿਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਆਰੰਭ ‘ਚ ਚੈਂਬਰ ਦੇ ਪ੍ਰਬੰਧਕਾਂ ਰਜਿੰਦਰ ਸਿੰਘ ਮਰਵਾਹਾ ਅਤੇ ਹਰਪ੍ਰੀਤ ਸਿੰਘ ਭਾਟੀਆ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ:) ਕਰਮਜੀਤ ਸਿੰਘ ਦਾ ਸਵਾਗਤ ਕੀਤਾ। ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਪ੍ਰੋ. ਕਰਮਜੀਤ ਸਿੰਘ ਨੇ ਪੰਜਾਬ ਅਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਦੇ ਉਦਯੋਗਿਕ ਉਤਪਾਦਨ ਵਿਚ ਕੇਂਦਰੀ ਸਰਕਾਰ ਦੇ ਲਘੂ ਉਦਯੋਗ ਵਿਭਾਗ ਵਲੋਂ ਪਾਏ ਜਾਂਦੇ ਸਹਿਯੋਗ ਦਾ ਉੱਲੇਖ ਕੀਤਾ। ਸ਼ਹਿਰ ਵਿਚ ਕਾਰਜਸ਼ੀਲ ਹਰ ਖੇਤਰ ਦੇ ਉਦਯੋਗਪਤੀਆਂ ਨੂੰ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਪੇਸ਼ ਸਕੀਮਾਂ ਅਤੇ ਸਬਸਿਡੀਆਂ ਬਾਰੇ ਬੁਲਾਰਿਆਂ ਵਲੋਂ ਜਾਣਕਾਰੀ ਪ੍ਰਦਾਨ ਕੀਤੀ ਗਈ। ਅਭਿਸ਼ੇਕ ਬਾਵਾ ਨੇ ਊਰਜਾ ਨਿਪੁੰਨਤਾ ਮਸ਼ੀਨਰੀਆਂ ਦੀ ਵਰਤੋਂ ਦੀ ਲੋੜ ਬਾਰੇ ਚਾਨਣਾ ਪਾਇਆ। ਗੌਤਮ ਸ਼ਰਮਾ ਨੇ ਨਿਪੁੰਨ ਵਿੱਤੀ ਪ੍ਰਬੰਧਨ, ਵੇਸਟ ਸੰਭਾਲ ਤੇ ਉਸ ਦੀ ਦੁਬਾਰਾ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਸੰਜੀਵ ਗੁਪਤਾ ਨੇ ਲਘੂ ਉਦਯੋਗਪਤੀਆਂ ਦੇ ਕਲੱਸਟਰ ਬਣਾਉਣ ਅਤੇ ਕੇਂਦਰੀ ਸਰਕਾਰ ਅਤੇ ਰਾਜਸੀ ਸਰਕਾਰ ਵਲੋਂ ਪ੍ਰਵਾਨਿਤ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਅਨੁਪਮਾ ਬੈਂਸ ਨੇ ਸੁਚੱਜੇ ਮੰਡੀਕਰਨ ਅਤੇ ਉਤਪਾਦਾਂ ਦੀ ਬਰਾਂਡਿੰਗ ਦੇ ਫ਼ਾਇਦੇ ਦੱਸੇ। ਬੁਲਾਰਿਆਂ ਨੇ ਦੱਸਿਆ ਕਿ ਮੁਲਕ ਵਿਚ 3 ਕਰੋੜ ਲਘੂ ਉਦਯੋਗ ਚਲ ਰਹੇ ਹਨ ਜੋ 6000 ਕਿਸਮਾਂ ਦੇ ਉਤਪਾਦ ਪੈਦਾ ਕਰ ਰਹੇ ਹਨ। ਲਘੂ ਉਦਯੋਗਾਂ ਜ਼ਰੀਏ ਦੇਸ਼ ਦੀ ਕੁੱਲ ਉਦਯੋਗਿਕ ਪੈਦਾਵਾਰ ਦੀ 45 ਫ਼ੀਸਦੀ ਲਘੂ ਉਦਯੋਗਾਂ ਦੁਆਰਾ ਹੋ ਰਹੀ ਹੈ। ਦੇਸ਼ ਦੀ ਸਿੱਧੀ ਤੇ ਅਸਿੱਧੀ ਕੁੱਲ ਐਕਸਪੋਰਟ (ਬਰਾਮਦ) ਦਾ 40 ਫ਼ੀਸਦੀ ਹਿੱਸਾ ਲਘੂ ਉਦਯੋਗਾਂ ‘ਤੇ ਨਿਰਭਰ ਹੈ। ਸੈਮੀਨਾਰ ‘ਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਅਮਰਜੀਤ ਸਿੰਘ ਨਾਰੰਗ ਸੀ. ਏ., ਪਰਮਜੀਤ ਸਿੰਘ ਰਾਜੇਵਾਲ, ਸ਼ਸ਼ੀ, ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ, ਸੁਮਿਤ ਸਿੰਘ, ਕੁਲਵਿੰਦਰ ਸਿੰਘ ਮਰਵਾਹਾ, ਆਰਕੀਟੈਕਟ ਜੱਜਬੀਰ ਸਿੰਘ, ਐਡਵੋਕੇਟ ਪਰਮਜੀਤ ਸਿੰਘ ਤੇਗ਼, ਮੀਡੀਆ ਇੰਚਾਰਜ ਇੰਦਰਬੀਰ ਸਿੰਘ, ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਹੋਰ ਲਘੂ ਉਦਯੋਗਪਤੀ ਹਾਜ਼ਰ ਹੋਏ।