11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਲੋਕ ਮਸਲੇ : ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਦੇ ਨਜ਼ਦੀਕ ਸੜਕਾਂ ’ਤੇ ਸਫ਼ਾਈ ਦੀ ਤਰਸਯੋਗ ਹਾਲਤ ਵਿਭਾਗ ਦੀ ਕਿਰਕਿਰੀ ਦਾ ਬਣੀ ਕਾਰਨ

Ad Position 21
No active advertisement
ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਸੁਰਿੰਦਰ ਕੋਛੜ)-ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਚਲਾਈ ਗਈ ‘ਮਿਸ਼ਨ ਕਲੀਨ’ ਮੁਹਿੰਮ ਦੀਆਂ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਦੇ ਮੁੱਖ ਦਫ਼ਤਰ ਦੇ ਨਜ਼ਦੀਕ ਪੂਰੀ ਤਰ੍ਹਾਂ ਨਾਲ ਧੱਜੀਆਂ ਉੱਡਦੀਆਂ ਵੇਖੀਆਂ ਜਾ ਸਕਦੀਆਂ ਹਨ। ਸ਼ਹਿਰ ਦੀ ਸਫ਼ਾਈ ਵਿਵਸਥਾ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਕਤ ਦੋਵਾਂ ਵਿਭਾਗਾਂ ਦੇ ਮੁੱਖ ਦਫ਼ਤਰ ਦੀ ਪਿਛਲੀ ਸੜਕ ‘ਚ ਥਾਂ-ਥਾਂ ‘ਤੇ ਟੋਏ ਪਏ ਹਨ। ਜਿੱਥੇ ਹਲਕੀ ਜਿਹੀ ਬਾਰਸ਼ ਹੋਣ ‘ਤੇ ਹੀ ਬਰਸਾਤੀ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਰਾਹਗੀਰਾਂ ਤੇ ਵਾਹਨ ਚਾਲਕਾਂ ਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਨਗਰ ਨਿਗਮ ਦਫ਼ਤਰ ਦੇ ਪਿਛਲੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ‘ਤੇ ਲੱਗੇ ਗੰਦਗੀ ਦੇ ਢੇਰ ਅਤੇ ਸਫ਼ਾਈ ਦੀ ਤਰਸਯੋਗ ਹਾਲਤ ਵਿਭਾਗ ਦੀ ਕਿਰਕਿਰੀ ਦਾ ਕਾਰਨ ਬਣ ਰਹੀ ਹੈ। ਵਿਭਾਗ ਅਜੇ ਤੱਕ ਸ਼ਹਿਰ ਦੇ ਪਾਸ਼ ਇਲਾਕਿਆਂ ਰਣਜੀਤ ਐਵਿਨਿਊ, ਹਾਊਸਿੰਗ ਬੋਰਡ ਕਾਲੋਨੀ, ਡੀ-ਬਲਾਕ ਮਾਰਕੀਟ ਆਦਿ ‘ਚ ਬਣੇ ਕੂੜੇ ਦੇ ਵੱਡੇ-ਛੋਟੇ ਡੰਪਾਂ ਦਾ ਮਸਲਾ ਵੀ ਹਲ ਨਹੀਂ ਕਰ ਸਕਿਆ ਹੈ। ਸਥਾਨਕ ਸਮਾਜਿਕ ਕਾਰਕੁੰਨ ਇੰਜ. ਪਵਨਦੀਪ ਸ਼ਰਮਾ ਨੇ ਇਸ ਬਾਰੇ ‘ਚ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਖਸਤਾ ਹਾਲ ਸੜਕਾਂ ਦੀ ਜਲਦੀ ਮੁਰੰਮਤ ਨਹੀਂ ਕੀਤੀ ਜਾਂਦੀ ਅਤੇ ਗੰਦਗੀ ਦੇ ਢੇਰ ਨਹੀਂ ਹਟਾਏ ਜਾਂਦੇ ਤਾਂ ਮੌਨਸੂਨ ਦੌਰਾਨ ਸੜਕਾਂ ‘ਤੇ ਪਏ ਡੂੰਘੇ ਤੇ ਵੱਡੇ ਟੋਇਆਂ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹੋ ਸਥਿਤੀ ਰਹੀ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਪ੍ਰਦਰਸ਼ਨ ਕਾਰਨ ਸਵੱਛ ਸਰਵੇਖਣ ਦੀ ਰੈਂਕਿੰਗ ਵਿਚ ਅੰਮ੍ਰਿਤਸਰ ਬਹੁਤ ਹੇਠਾਂ ਚਲਾ ਜਾਵੇਗਾ। ਉਨ੍ਹਾਂ ਨੇ ਨਾਲ ਹੀ ਇਹ ਵੀ ਸਵਾਲ ਕੀਤਾ ਕਿ ਜੇਕਰ ਸੰਬੰਧਿਤ ਵਿਭਾਗ ਆਪਣੇ ਆਲੇ-ਦੁਆਲੇ ਦੀ ਸਫ਼ਾਈ ਨਹੀਂ ਰੱਖ ਸਕਦਾ ਤਾਂ ਉਹ ਅੰਮ੍ਰਿਤਸਰ ਸ਼ਹਿਰ ਨੂੰ ਕਿਵੇਂ ਸਾਫ਼ ਰੱਖੇਗਾ? ਉਕਤ ਤੋਂ ਇਲਾਵਾ ਸਥਾਨਕ ਮਜੀਠਾ ਰੋਡ, ਕਿਲ੍ਹਾ ਗੋਬਿੰਦਗੜ੍ਹ, ਪੁਤਲੀਘਰ, ਇਸਲਾਮਾਬਾਦ ਅਤੇ ਹੋਰਨਾ ਆਬਾਦੀਆਂ ਸਮੇਤ ਭੰਡਾਰੀ ਪੁਲ ਵਲ ਨੂੰ ਜਾਂਦੀ ਲਿੰਕ ਰੋਡ ਅਤੇ ਪੁਲ ਦੇ ਹੇਠਾਂ ਰੇਲਵੇ ਸਟੇਸ਼ਨ ਵਲ ਨੂੰ ਜਾਂਦੀ ਲਿੰਕ ਰੋਡ ‘ਤੇ ਪਿਛਲੇ ਕਈ ਵਰ੍ਹਿਆਂ ਤੋਂ ਵੱਡੇ ਅਤੇ ਡੂੰਘੇ ਟੋਏ ਪਏ ਹੋਏ ਹਨ। ਜਿੱਥੇ ਇਨ੍ਹਾਂ ਟੋਇਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਰੋਜ਼ਾਨਾ ਕੋਈ ਨਾ ਕੋਈ ਸੜਕ ਹਾਦਸਾ ਵੀ ਵਾਪਰ ਰਿਹਾ ਹੈ। ਇਨ੍ਹਾਂ ਸੜਕਾਂ ‘ਤੇ 100 ਤੋਂ ਵਧੇਰੇ ਸਪੇਅਰ ਪਾਰਟਜ਼, ਟਰਾਂਸਪੋਰਟ, ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਧਾਰਮਿਕ ਅਸਥਾਨ ਮੌਜੂਦ ਹਨ। ਇੱਥੋਂ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਸਾਤ ਦੇ ਦਿਨਾਂ ‘ਚ ਇਨ੍ਹਾਂ ਸੜਕਾਂ ‘ਤੇ ਗੰਦਾ ਬਰਸਾਤੀ ਪਾਣੀ ਠਹਿਰਨ ਕਰਕੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਂਦੇ ਹਨ ਅਤੇ ਮਲੇਰੀਆ, ਡੇਂਗੂ ਸਮੇਤ ਕਈ ਹੋਰ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਚਹਿਰੀਆਂ ’ਚ ਵਕੀਲਾਂ ਦੇ ਚੈਂਬਰ ਸਮੂਹ ਬਣਨ ਦਾ ਰਾਹ ਪੱਧਰਾ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਸਾਨੂੰ ਸਿੱਖਿਆ ਨਾ ਦੇਵੇ ਕਾਂਗਰਸ-ਕੁਲਦੀਪ ਸਿੰਘ ਧਾਲੀਵਾਲ
Ad Position 24