ਸੁਲਤਾਨਵਿੰਡ , 28 ਜੂਨ (ਗੁਰਨਾਮ ਸਿੰਘ ਬੁੱਟਰ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਸੁਲਤਾਨਵਿੰਡ ਬਾਈਪਾਸ ‘ਤੇ ਬਣੇ ਨਵੇਂ ਫਲਾਈਓਵਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਰੋਜ਼ਾਨਾ 2 ਲੱਖ ਤੋਂ ਵੱਧ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਲਈ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਲੈ ਕੇ ਆਇਆ ਹੈ। ਵਿੱਤੀ ਬੱਚਤ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ 134.20 ਕਰੋੜ ਦੀ ਮਨਜ਼ੂਰਸ਼ੁਦਾ ਲਾਗਤ ਦੇ ਮੁਕਾਬਲੇ ਇਹ ਪ੍ਰੋਜੈਕਟ ਸਿਰਫ਼ 122.68 ਕਰੋੜ ਵਿਚ ਮੁਕੰਮਲ ਹੋਇਆ, ਜਿਸ ਨਾਲ ਸਰਕਾਰੀ ਖਜ਼ਾਨੇ ਦੇ 111.52 ਕਰੋੜ ਬਚੇ ਹਨ। ਫਲਾਈਓਵਰ 725 ਮੀਟਰ ਲੰਬਾ ਅਤੇ 14 ਮੀਟਰ ਚੌੜਾ ਹੈ। ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਦੋਵੇਂ ਪਾਸੇ 5.50 ਮੀਟਰ ਚੌੜੀਆਂ ਸਰਵਿਸ ਰੋਡਾਂ ਵੀ ਬਣਾਈਆਂ ਗਈਆਂ ਹਨ। ਮੀਂਹ ਦੇ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਥਾਪਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਅਹਿਮ ਐਲਾਨ ਕੀਤੇ ਹਨ ਉਨ੍ਹਾਂ ਦੱਸਿਆ ਕਿ 15 ਜੁਲਾਈ ਤੱਕ 3100 ਨਵੇਂ ਸਟੇਡੀਅਮ, 300 ਜਿੰਮ ਅਤੇ 400 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। 43,000 ਕਿਲੋਮੀਟਰ ਸੜਕਾਂ ਦੀ ਸੰਭਾਲ ਲਈ 5 ਸਾਲ ਦੀ ਠੇਕੇਦਾਰ ਜ਼ਿੰਮੇਵਾਰੀ ਲਾਜ਼ਮੀ ਕੀਤੀ ਗਈ ਹੈ। ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ 22% ਤੋਂ ਵਧਾ ਕੇ 80% ਤੋਂ ਪਾਰ ਕਰ ਦਿੱਤੀ ਗਈ ਹੈ। ਪਾਰਦਰਸ਼ੀ ਭਰਤੀ ਰਾਹੀਂ 68000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸਾਡੀ ਸਰਕਾਰ ਇਮਾਨਦਾਰ ਨੀਅਤ ਨਾਲ ਕੰਮ ਕਰ ਰਹੀ ਹੈ। ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਧਾਰਮਿਕ ਮੁੱਦਿਆਂ ‘ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਗਠਜੋੜ ਕੀਤਾ ਹੈ ਅਤੇ ਜਾਅਲੀ ਵੀਡੀਓਾਂ ਫੈਲਾਈਆਂ ਜਾ ਰਹੀਆਂ ਹਨ, ਪਰ ਅਸੀਂ ਸਿਰਫ਼ ਪੰਜਾਬ ਦੀ ਤਰੱਕੀ ‘ਤੇ ਕੇਂਦਰਿਤ ਹਾਂ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਸ਼ਹਿਰ ਵਿਚ ਆਵਾਜਾਈ ਪਹਿਲਾਂ ਨਾਲੋਂ ਕਿਤੇ ਵਧੇਰੇ ਸੁਖਾਲੀ ਅਤੇ ਸੁਰੱਖਿਅਤ ਹੋ ਜਾਵੇਗੀ। ਇਸ ਮੌਕੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਚੇਅਰਮੈਨ, ਬਲਜੀਤ ਸਿੰਘ ਰਿੰਕੂ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਨੰਬਰਦਾਰ ਇੰਦਰਜੀਤ ਸਿੰਘ, ਗੁਰਜੰਟ ਸਿੰਘ ਸ਼ਾਹ, ਸਤਿੰਦਰਪਾਲ ਸਿੰਘ, ਚੈਂਚਲ ਸਿੰਘ, ਸ਼ੇਰੇ ਪੰਜਾਬ ਸਿੰਘ, ਗੁਰਜੀਵਨ ਸਿੰਘ, ਗੁਰਵੇਲ ਸਿੰਘ, ਮਨਜੀਤ ਸਿੰਘ ਫੌਜੀ ਤੇ ਜਸਵੰਤ ਸਿੰਘ ਪੱਖੋਕੇ ਆਦਿ ਹਾਜ਼ਰ ਸਨ।
ਅੰਮ੍ਰਿਤਸਰ ਨੂੰ ਵੱਡਾ ਤੋਹਫ਼ਾ, ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬਣੇ ਸੁਲਤਾਨਵਿੰਡ ਫਲਾਈਓਵਰ ਦਾ ਕੀਤਾ ਉਦਘਾਟਨ
ਅਜੀਤ ਡੈਸਕ
29-06-2026