ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਨੇੜਲੇ ਪਿੰਡ ਮੋਹਣ ਭੰਡਾਰੀਆਂ ਵਿਖੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਪਟਾਕੇ ਬਣਾਉਣ ਲਈ ਵਰਤੇ ਜਾ ਰਹੇ ਵਰਾਂਡੇ (ਨਾਜਾਇਜ਼ ਫ਼ੈਕਟਰੀ) ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਵਰਾਂਡੇ ਅੰਦਰ ਰੱਖੇ ਪਟਾਕਿਆਂ ਤੇ ਹੋਰ ਸਮੱਗਰੀ ਵਿਚ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗ਼ਨੀਮਤ ਇਹ ਰਹੀ ਕਿ ਧਮਾਕੇ ਵੇਲੇ ਵਰਾਂਡੇ ਵਿਚ ਕੋਈ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਘਟਨਾ ਨੇ ਪ੍ਰਸ਼ਾਸਨ ਦੀ ਨਿਗਰਾਨੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ, ਜੇਕਰ ਰਿਹਾਇਸ਼ੀ ਇਲਾਕੇ ਵਿਚ ਇੰਨੇ ਸਮੇਂ ਤੋਂ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਕੀ ਸੰਬੰਧਿਤ ਵਿਭਾਗਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ? ਜਾਂ ਫਿਰ ਬਿਨਾਂ ਮਨਜ਼ੂਰੀ ਦੇ ਇਹ ਖ਼ਤਰਨਾਕ ਕੰਮ ਕੀਤਾ ਜਾ ਰਿਹਾ ਸੀ? ਜਾਣਕਾਰੀ ਅਨੁਸਾਰ ਮੋਹਨ ਭੰਡਾਰੀਆਂ ਦੇ ਰਹਿਣ ਵਾਲੇ ਜਸਵੰਤ ਸਿੰਘ ਨਾਮ ਦੇ ਇਕ ਵਿਅਕਤੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਘਰ ਵਿਚ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਅੱਜ ਅਚਾਨਕ ਪਟਾਕੇ ਬਣਾਉਣ ਵਾਲੀ ਜਗ੍ਹਾ ’ਤੇ ਅੱਗ ਲੱਗ ਗਈ, ਜਿਸ ਕਾਰਨ ਉੱਥੇ ਮੌਜੂਦ ਆਤਿਸ਼ਬਾਜ਼ੀ ਤੇ ਹੋਰ ਸਮਗਰੀ ਨੂੰ ਅੱਗ ਲੱਗਦਿਆਂ ਹੀ ਜ਼ੋਰ ਦੀ ਧਮਾਕਾ ਹੋਇਆ ਤੇ ਵਰਾਂਡੇ ਦੀ ਛੱਤ ਵੀ ਉੱਡ ਗਈ। ਅੱਗ ਲੱਗਣ ਸਮੇਂ ਉਕਤ ਜਗ੍ਹਾ ’ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦਕਿ ਅੱਗ ਕਾਰਨ ਚਾਰ ਗਾਡਰਾਂ ਵਾਲੀ ਛੱਤ ਢਹਿ ਢੇਰੀ ਹੋ ਗਈ ਹੈ। ਜਸਵੰਤ ਸਿੰਘ ਨੇ ‘ਅਜੀਤ’ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਕੀ ਰਿਹਾਇਸ਼ੀ ਇਲਾਕੇ ਵਿਚ ਪਟਾਕੇ ਬਣਾਉਣ ਦਾ ਕੰਮ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਚੱਲ ਰਿਹਾ ਸੀ ਜਾਂ ਬਿਨਾਂ ਲਾਇਸੈਂਸ? ਜਦੋਂ ਜਸਵੰਤ ਸਿੰਘ ਕੋਲੋਂ ਪਟਾਕੇ ਬਣਾਉਣ ਲਈ ਲਾਇਸੈਂਸ ਜਾਂ ਪ੍ਰਸ਼ਾਸਨ ਦੀ ਮਨਜ਼ੂਰੀ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ, ਜਿਸ ਨਾਲ ਮਾਮਲਾ ਹੋਰ ਵੀ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ।
ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਅਜਨਾਲਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪੁੱਜੀ, ਪਰ ਉਸ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਅੱਗ ‘ਤੇ ਕਾਬੂ ਪਾ ਲਿਆ ਸੀ। ਉਧਰ ਥਾਣਾ ਝੰਡੇਰ ਦੇ ਐੱਸ. ਐੱਚ. ਓ. ਦਲਜੀਤ ਸਿੰਘ ਵੀ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਵਲੋਂ ਵੱਖ-ਵੱਖ ਪਹਿਲੂਆਂ ਤੋਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਡੀ.ਐੱਸ.ਪੀ. ਅਜਨਾਲਾ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਅਜਨਾਲਾ ਨੇੜੇ ਮੋਹਣ ਭੰਡਾਰੀਆਂ ਵਿਖੇ ਪਟਾਕੇ ਬਣਾਉਣ ਵਾਲੇ ਵਰਾਂਡੇ (ਨਾਜਾਇਜ਼ ਫ਼ੈਕਟਰੀ) ਵਿਚ ਲੱਗੀ ਅਚਾਨਕ ਅੱਗ, ਜ਼ੋਰਦਾਰ ਧਮਾਕੇ ਨਾਲ ਇਲਾਕੇ ਵਿਚ ਫ਼ੈਲੀ ਦਹਿਸ਼ਤ
ਅਜੀਤ ਡੈਸਕ
03-07-2026