ਅੰਮ੍ਰਿਤਸਰ, 2 ਜੁਲਾਈ (ਰੇਸ਼ਮ ਸਿੰਘ)-ਸ਼ਹਿਰ ਦੇ ਪ੍ਰਮੁਖ ਖੇਤਰ ਝਬਾਲ ਰੋਡ ਤੇ ਢਪਈ ‘ਚ ਬਿਜਲੀ ਤੇ ਸੜਕਾਂ ਦੀ ਮੰਦੀ ਹਾਲਾਤ ਖਿਲਾਫ ਅੱਜ ਲੋਕਾਂ ਦਾ ਗੁੱਸਾ ਫੁੱਟ ਗਿਆ ਜਿਨ੍ਹਾਂ ਵਲੋਂ ਧਰਨਾ ਮਾਰਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਵਾਰਡ ਨੰ. 72 ਅਧੀਨ ਢਪਈ ਇਲਾਕੇ ਦੀ ਮੁੱਖ ਸੜਕ ਦੀ ਖਸਤਾ ਹਾਲਤ ਅਤੇ ਥਾਂ-ਥਾਂ ਖੜ੍ਹੇ ਪਾਣੀ ਕਾਰਨ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਦੇ ਮੱਦੇਨਜ਼ਰ ਅੱਜ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਨੇ ਕੌਂਸਲਰ ਡਾ. ਅਵਤਾਰ ਸਿੰਘ ਅਤੇ ਇਲਾਕਾ ਵਾਸੀਆਂ ਨਾਲ ਮਿਲ ਕੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਇਸ ਖੇਤਰ ਦੀ ਮੁੱਖ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਜਿਸ ਕਾਰਨ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਦੇਖਾ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਇਸ ਮੁੱਖ ਸੜਕ ਦਾ ਨਿਰਮਾਣ ਅਤੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਨਹੀਂ ਹੁੰਦਾ, ਲੋਕਾਂ ਦੀ ਆਵਾਜ਼ ਨੂੰ ਪੂਰੀ ਤਾਕਤ ਨਾਲ ਉਠਾਇਆ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਢਪਈ ਦੀ ਮੁੱਖ ਸੜਕ ਦੀ ਖਸਤਾ ਹਾਲਤ ਕਾਰਨ ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ। ਟੁੱਟੀ ਸੜਕ ਅਤੇ ਖੜ੍ਹੇ ਪਾਣੀ ਕਾਰਨ ਦੋਪਹੀਆ ਵਾਹਨ ਚਾਲਕਾਂ, ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਰਾਹਗੀਰਾਂ ਨੂੰ ਜਾਨ ਜ਼ੋਖ਼ਮ ਵਿਚ ਪਾ ਕੇ ਆਵਾਜਾਈ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਗੰਭੀਰ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕਿਸੇ ਵੀ ਵੱਡੇ ਹਾਦਸੇ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਢਪਈ ਦੀ ਮੁੱਖ ਸੜਕ ਦੀ ਤੁਰੰਤ ਮੁਰੰਮਤ ਅਤੇ ਨਿਰਮਾਣ ਕਰਵਾਇਆ ਜਾਵੇ, ਨਾਲ ਹੀ ਬਿਜਲੀ, ਸੀਵਰੇਜ਼ ਦੀ ਸਮਸਿਆ ਦੇ ਹੱਲ ਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਕੌਂਸਲਰ ਡਾ. ਅਵਤਾਰ ਸਿੰਘ, ਸਰਬਜੀਤ ਸਿੰਘ ਲਾਟੀ, ਰਮਨ ਰੰਮੀ, ਸਤੀਸ਼ ਬੱਲੂ, ਪਵਨ ਚੌਧਰੀ, ਕਮਲ ਪਹਿਲਵਾਨ ਆਦਿ ਆਗੂ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਸੜਕਾਂ ਤੇ ਬਿਜਲੀ ਦੀ ਮੰਦੀ ਹਾਲਤ ਖਿਲਾਫ ਢਪਈ ’ਚ ਲੋਕਾਂ ਮਾਰਿਆ ਧਰਨਾ
ਅਜੀਤ ਡੈਸਕ
03-07-2026