ਅੰਮ੍ਰਿਤਸਰ, 2 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਨੇ ਕਿਹਾ ਕਿ ਮੌਜੂਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿਚ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਦੀ ਲੋੜ ਹੈ। ਉਦਮੀ ਸੋਚ ਦੇ ਵਿਕਾਸ, ਅਧਿਆਪਕ ਸਹਿਯੋਗ ਅਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਵਿਸ਼ੇ ‘ਤੇ ਛੇ ਦਿਨਾਂ ਸ਼ਾਰਟ ਟਰਮ ਕੋਰਸ ਦੌਰਾਨ ਆਪਣੇ ਉਦਘਾਟਨੀ ਸੰਬੋਧਨ ‘ਚ ਪ੍ਰੋ. ਚਾਹਲ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਧਦੇ ਪ੍ਰਭਾਵ ਕਾਰਨ ਨੌਕਰੀਆਂ ਦਾ ਦਾਇਰਾ ਤੇਜ਼ੀ ਨਾਲ ਬਦਲ ਰਿਹਾ ਹੈ। ਇਹ ਕੋਰਸ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵਿਖੇ ਆਯੋਜਿਤ ਕੀਤਾ ਗਿਆ। ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ‘ਚ ਕਰਵਾਏ ਇਸ ਕੋਰਸ ਮੌਕੇ ਕੇਂਦਰ ਦੇ ਡਾਇਰੈਕਟਰ ਪ੍ਰੋ. (ਡਾ.) ਬਲਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਰੇਖਾ ਹਾਂਡਾ ਅਤੇ ਕੋਰਸ ਕੋਆਰਡੀਨੇਟਰ ਪ੍ਰੋ. ਵਸੁਧਾ ਸਾਂਬਿਆਲ ਵੀ ਹਾਜ਼ਰ ਸਨ। ਡਾ. ਰੇਖਾ ਹਾਂਡਾ ਨੇ ਮੁੱਖ ਮਹਿਮਾਨ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਕੋਰਸ ਦੀ ਜਾਣ-ਪਛਾਣ ਕਰਵਾਈ। ਪ੍ਰੋ. ਬਲਵਿੰਦਰ ਸਿੰਘ ਨੇ ਉਦਮੀ ਧਾਰਣਾ, ਅਜਿਹੇ ਕੋਰਸਾਂ ਦੀ ਲੋੜ ਅਤੇ ਮੌਜੂਦਾ ਸਮੇਂ ‘ਚ ਇਸ ਦੀ ਪ੍ਰਸੰਗਿਕਤਾ ਬਾਰੇ ਵਿਸਥਾਰ ਨਾਲ ਦੱਸਿਆ। ਕੋਰਸ ਕੋਆਰਡੀਨੇਟਰ ਪ੍ਰੋ. ਵਸੁਧਾ ਸਾਂਬਿਆਲ ਨੇ ਭਾਗੀਦਾਰਾਂ ਨੂੰ ਕੋਰਸ ਦੇ ਪ੍ਰਸਤਾਵਿਤ ਸੈਸ਼ਨਾਂ ਅਤੇ ਉਦਯੋਗ ਅਤੇ ਅਕਾਦਮਿਕ ਖੇਤਰ ਨਾਲ ਸੰਬੰਧਿਤ ਮਾਹਿਰ ਵਕਤਾਵਾਂ ਬਾਰੇ ਜਾਣੂੰ ਕਰਵਾਇਆ। ਇਸ ਕੋਰਸ ਲਈ ਛੇ ਰਾਜਾਂ ਤੋਂ ਵੱਖ-ਵੱਖ ਅਕਾਦਮਿਕ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ 47 ਭਾਗੀਦਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਧਦੇ ਪ੍ਰਭਾਵ ਕਾਰਨ ਤੇਜ਼ੀ ਨਾਲ ਬਦਲ ਰਿਹਾ ਨੌਕਰੀਆਂ ਦਾ ਦਾਇਰਾ-ਡਾ. ਕੇ. ਐੱਸ. ਚਾਹਲ
ਅਜੀਤ ਡੈਸਕ
03-07-2026