ਅੰਮ੍ਰਿਤਸਰ, 4 ਜੁਲਾਈ (ਜਸਵੰਤ ਸਿੰਘ ਜੱਸ)-ਉਪ ਕੁਲਪਤੀ ਪ੍ਰੋ. (ਡਾ:) ਕਰਮਜੀਤ ਸਿੰਘ ਦੇ ਨਿਰਦੇਸ਼ ਅਧੀਨ ਪੰਜਾਬੀ ਦੇ ਪ੍ਰਬੁੱਧ ਸਾਹਿਤਕਾਰ ਤੇ ਪੰਜਾਬੀ ਨਾਵਲ ਦੇ ਪਿਤਾਮਾ ਸ: ਨਾਨਕ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੀਆਂ ਲਿਖਤਾਂ ਨਾਲ ਸਾਂਝ ਪਾਉਂਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ ਗਿਆ। ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਸਥਾਪਿਤ ਕੀਤੇ ਗਏ ਸ. ਨਾਨਕ ਸਿੰਘ ਲਿਟਰੇਰੀ ਸੈਂਟਰ ਵਲੋਂ ਅੱਜ ਸ: ਨਾਨਕ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਉਪਕੁਲਪਤੀ ਪ੍ਰੋ. (ਡਾ:) ਕਰਮਜੀਤ ਸਿੰਘ ਨੇ ਕਿਹਾ ਪੰਜਾਬੀ ਸਾਹਿਤ ਸਿਰਜਣਾ ਵਿਚ ਨਾਵਲਕਾਰ ਨਾਨਕ ਸਿੰਘ ਵੱਖਰੇ ਤੇ ਵਿਲੱਖਣ ਹਸਤਾਖਰ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1897 ਨੂੰ ਚੱਕ ਹਮੀਦ (ਪਾਕਿਸਤਾਨ) ਵਿਖੇ ਹੋਇਆ। ਉਹ ਨਾਵਲਕਾਰੀ ਦੇ ਖੇਤਰ ਉੱਤੇ ਇੱਕ ਬੋਹੜ ਵਾਂਗ ਛਾਏ ਰਹੇ ਅਤੇ ਪ੍ਰਬੁੱਧ ਪੰਜਾਬੀ ਨਾਵਲਕਾਰ ਬਣੇ। ਉਨ੍ਹਾਂ ਕਿਹਾ ਕਿ ਪੰਜਾਬੀ ਨਾਵਲ ਦਾ ਨਾਮ ਲੈਂਦਿਆਂ ਹੀ ਨਾਨਕ ਸਿੰਘ ਦੀ ਸ਼ਖ਼ਸੀਅਤ ਦਾ ਬਿੰਬ ਸਾਡੀ ਕਲਪਨਾ ਦੇ ਪਰਦੇ ‘ਤੇ ਸਾਕਾਰ ਹੁੰਦਾ ਹੈ ਜਾਂ ਇਵੇਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਵਲ ਹੀ ਨਾਨਕ ਸਿੰਘ ਤੇ ਨਾਨਕ ਸਿੰਘ ਹੀ ਪੰਜਾਬੀ ਨਾਵਲ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਪੰਜਾਬੀ ਨਾਵਲ ਦਾ ਮੁੱਢ ਬੰਨਣ ਦਾ ਸਿਹਰਾ ਭਾਈ ਵੀਰ ਸਿੰਘ ਦੇ ਸਿਰ ਬੱਝਦਾ ਹੈ, ਪਰ ਇਹ ਵੀ ਸੱਚ ਹੈ ਕਿ ਪੰਜਾਬੀ ਦਾ ਨਾਵਲ ਨਾਨਕ ਸਿੰਘ ਦੀ ਕਲਮ ਰਾਹੀਂ ਹੀ ਪ੍ਰਵਾਨ ਚੜ੍ਹਿਆ ਹੈ। ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ ਨੇ ਕਿਹਾ ਕਿ ਸ. ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿਚ ਜੀਵਨ ਦੇ ਸਮੁੱਚੇ ਯਥਾਰਥ ਨੂੰ ਚਿਤਰਦਿਆਂ ਹੋਇਆਂ ਨਾਵਲਕਾਰੀ ਦਾ ਘੇਰਾ ਵਿਸ਼ਾਲ ਕੀਤਾ। ਪੰਜਾਬ ਅਤੇ ਪੰਜਾਬੀ ਤੋਂ ਬਾਹਰ ਜੇਕਰ ਕਿਸੇ ਪੰਜਾਬੀ ਨਾਵਲ ਨੂੰ ਕਿਸੇ ਨਾਵਲਕਾਰ ਰਾਹੀਂ ਜਾਣਿਆ ਜਾਂਦਾ ਹੈ ਤਾਂ ਉਹ ਨਾਨਕ ਸਿੰਘ ਹੀ ਹਨ। ਇਸ ਮੌਕੇ ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਨਾਨਕ ਸਿੰਘ ਸਾਹਿਤ ਨੂੰ ਤ੍ਰੈਕਾਲੀ ਸੰਦਰਭ ਵਿਚ ਪੇਸ਼ ਕਰਦੇ ਹਨ। ਉਨ੍ਹਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਛੇ ਦਰਜਨ (ਲਗਭਗ 74) ਪੁਸਤਕਾਂ ਨਾਲ ਭਰਪੂਰ ਕੀਤੀ। ਨਿਮਨ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਦੀਆਂ ਕਹਾਣੀਆਂ ਵਿਚ ਘੋਰ ਗ਼ਰੀਬੀ ਦਾ ਕਲਾਤਮਕ ਚਿਤਰਨ ਪੇਸ਼ ਹੋਇਆ ਹੈ। ਸੰਕੋਚਵਾਂ ਕਹਾਣੀ-ਵਿਸਤਾਰ, ਕਥਾ-ਰਸ, ਵਸਤੂ-ਚੋਣ, ਪਾਤਰ-ਚਿਤਰਨ, ਸਥਿਤੀ ਪਰਿਵਰਤਨ ਦੀ ਥਾਂ ਵਿਅਕਤੀ ਦਾ ਹਿਰਦਾ ਪਰਿਵਰਤਨ ਜਿਹੇ ਹਵਾਲੇ ਉਨ੍ਹਾਂ ਨੂੰ ਪੰਜਾਬੀ ਦਾ ਸੁਜੱਗ ਕਹਾਣੀਕਾਰ ਬਣਾਉਣ ਵਿਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੂੰ ਪੈਪਸੂ ਸਰਕਾਰ ਵਲੋਂ 1951 ਵਿਚ, ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ 1962 ਵਿਚ, ਸਾਹਿਤ ਅਕਾਦਮੀ ਲੁਧਿਆਣਾ ਵਲੋਂ 1966 ਵਿਚ, ਪੰਜਾਬ ਸਰਕਾਰ ਵਲੋਂ ਸਨਮਾਨ ਪੱਤਰ 1968 ਵਿਚ, ਅਭਿਨੰਦਨ ਗ੍ਰੰਥ (ਪੰਜਾਬ ਖੇਤੀਬਾੜੀ ਯੂਨੀਵਰਸਿਟੀ) 1970 ਨਾਲ ਸਨਮਾਨਿਤ ਕੀਤਾ ਗਿਆ। ਨਾਨਕ ਸਿੰਘ ਨੇ ਜ਼ਿੰਦਗੀ ਦੇ ਕੁਝ ਸਾਲ ਅੰਮ੍ਰਿਤਸਰ ਤੋਂ ਬਾਹਰ ਵੀ ਬਿਤਾਏ ਪਰ ਉਨ੍ਹਾਂ ਦੀ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਇਸ ਸ਼ਹਿਰ ਵਿਚ ਹੀ ਬੀਤਿਆ। 28 ਦਸੰਬਰ 1971 ਵਿਚ 74 ਸਾਲ ਦਾ ਸਮਾਂ ਬਤੀਤ ਕਰਕੇ ਉਹ ਅਕਾਲ ਚਲਾਣਾ ਕਰ ਗਏ। ਪ੍ਰੰਤੂ ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਉਹ ਹਮੇਸ਼ਾ ਸਾਡੇ ਚੇਤਿਆਂ ਵਿਚ ਜ਼ਿੰਦਾ ਹਨ ਤੇ ਰਹਿਣਗੇ। ਇਸ ਮੌਕੇ ਪੰਜਾਬੀ ਅਧਿਐਨ ਸਕੂਲ ਦੇ ਅਧਿਆਪਕ ਸਾਹਿਬਾਨ ਅਤੇ ਖੋਜ-ਵਿਦਿਆਰਥੀ ਵੀ ਸ਼ਾਮਿਲ ਸਨ, ਜਿਨ੍ਹਾਂ ਸ. ਨਾਨਕ ਸਿੰਘ ਦੇ ਜਨਮ ਦਿਨ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਉਨ੍ਹਾਂ ਦੀ ਯਾਦ ਵਿਚ ‘ਵਰਸਿਟੀ ਕੈਂਪਸ ਵਿਖੇ ਪੌਦੇ ਵੀ ਲਗਾਏ ਗਏ।