ਹਰਸਾ ਛੀਨਾ, 4 ਜੁਲਾਈ (ਕੜਿਆਲ)-ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਲਾਣੇ ਸੰਗਠਨਾਤਮਕ ਢਾਂਚੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਾ ਐਲਾਣਦੇ ਹੋਏ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਣਾਏ ਜਾਣ ਤੋਂ ਕਾਂਗਰਸ ਪਾਰਟੀ ਦੇ ਹੇਠਲ਼ੇ ਪੱਧਰ ਦੇ ਵਰਕਰ ਮਾਯੂਸ ਦਿਖਾਈ ਦੇ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਅਜੀਤ ਨਾਲ ਵਿਸੇਸ਼ ਗਲਬਾਤ ਦੌਰਾਨ ਕੀਤਾ। ਸ. ਸਰਕਾਰੀਆ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆਂ ਅਤੇ ਪੰਜਾਬ ਦੇ ਵਿਗੜੀ ਕਨੂੰਨ ਵਿਵਸਥਾ ਤੋਂ ਨਿਰਾਸ਼ ਹੋਣ ਕਾਰਨ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੇ ਪੰਜਾਬ ਵਾਸੀ ਆਪਣੀਆਂ ਉਮੀਦਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਟਿਕਾਈ ਬੈਠੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ। ਸ. ਸਰਕਾਰੀਆ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਜ਼ਮੀਨੀ ਪੱਧਰ ’ਤੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਰਾਇ ਨੂੰ ਅਣਦੇਖਾ ਨਾ ਕੀਤਾ ਜਾਵੇ ਅਤੇ ਪੰਜਾਬ ਕਾਂਗਰਸ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚੰਨੀ ਦੇ ਹੱਥ ਸੌਂਪ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਇਥੇ ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੁੜ ਰਾਜਾ ਵੜਿੰਗ ਦੇ ਹੱਥ ਸੌਂਪੀ ਹੈ ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ ਜਿਸ ਕਾਰਨ ਸੂਬਾਈ ਕਾਂਗਰਸ ਵਿਚ ਬਾਗੀ ਸੁਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਸਾ. ਸਰਪੰਚ ਸਤਿੰਦਰਪਾਲ ਸਿੰਘ ਸਿੰਦ ਵਰਨਾਲੀ ਸਾ. ਉੱਪ ਚੇਅਰਮੈਨ ਮਾਰਕੀਟ ਕਮੇਟੀ, ਨੌਜੁਆਨ ਆਗੂ ਜਸਕਰਨ ਸਿੰਘ ਕੋਹਰੀ, ਅੰਮ੍ਰਿਤਪਾਲ ਸਿੰਘ ਸੈਦੂਪੁਰਾ ਜਨਰਲ ਸਕੱਤਰ ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਅੰਮ੍ਰਿਤਸਰ (ਦਿਹਾਤੀ), ਕੁਲਦੀਪ ਸਿੰਘ ਛੀਨਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜਸਕਰਨ ਸਿੰਘ ਚੈਨਪੁਰ ਪ੍ਰਧਾਨ ਯੂਥ ਕਾਂਗਰਸ ਕਮੇਟੀ ਹਲਕਾ ਰਾਜਾਸਾਂਸੀ, ਬਲਜੀਤ ਸਿੰਘ ਛੀਨਾ, ਹਰਪਾਲ ਸਿੰਘ ਬੱਡੋ ਸਮੇਤ ਹੋਰ ਹਾਜ਼ਰ ਸਨ।